* ‘ਜੁੜੇਗਾ ਭਾਰਤ, ਜਿੱਤੇਗਾ ਇੰਡੀਆ’ ਥੀਮ ’ਤੇ ਪ੍ਰਚਾਰ ਮੁਹਿੰਮ ਚਲਾਉਣ ਦਾ ਫ਼ੈਸਲਾ
* ਦੇਸ਼ ਭਰ ’ਚ ਲੋਕ ਮੁੱਦਿਆਂ ’ਤੇ ਆਧਾਰਿਤ ਰੈਲੀਆਂ ਕਰਨ ਦਾ ਮਤਾ ਪਾਸ
* ਖੜਗੇ ਨੇ ਵਿਰੋਧੀ ਆਗੂਆਂ ਨੂੰ ਛਾਪੇ ਅਤੇ ਗ੍ਰਿਫ਼ਤਾਰੀਆਂ ਲਈ ਤਿਆਰ ਰਹਿਣ ਦਾ ਦਿੱਤਾ ਸੱਦਾ
* ਅਗਲੀ ਮੀਟਿੰਗ ਦਿੱਲੀ ਵਿੱਚ ਹੋਵੇਗੀ
ਮੁੰਬਈ, 1 ਸਤੰਬਰ
ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੇ ਜਿਥੋਂ ਤੱਕ ਸੰਭਵ ਹੋਵੇ 2024 ਦੀਆਂ ਲੋਕ ਸਭਾ ਚੋਣਾਂ ਰਲ ਕੇ ਲੜਨ ਦਾ ਅਹਿਦ ਲਿਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਉਹ ਭਾਜਪਾ ਨੂੰ ਆਸਾਨੀ ਨਾਲ ਚੋਣਾਂ ’ਚ ਹਰਾ ਦੇਣਗੇ। ਇਥੇ ਹੋਈ ਦੋ ਦਿਨੀਂ ਮੀਟਿੰਗ ਦੌਰਾਨ ਵਿਰੋਧੀ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਸੂਬਿਆਂ ’ਚ ਸੀਟਾਂ ਦੀ ਵੰਡ ਦਾ ਮਾਮਲਾ ‘ਲੈਣ-ਦੇਣ’ ਦੀ ਭਾਵਨਾ ਨਾਲ ਫੌਰੀ ਨੇਪਰੇ ਚਾੜ੍ਹ ਲਿਆ ਜਾਵੇਗਾ। ਚੋਣਾਂ ਛੇਤੀ ਕਰਾਉਣ ਦੀਆਂ ਕਿਆਸਾਂ ਅਤੇ ‘ਇਕ ਰਾਸ਼ਟਰ, ਇਕ ਚੋਣ’ ਕਰਾਉਣ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਸਰਕਾਰ ਵੱਲੋਂ ਕਮੇਟੀ ਦੇ ਗਠਨ ਦਰਮਿਆਨ ਵਿਰੋਧੀ ਧਿਰਾਂ ਦੇ ਆਗੂਆਂ ਨੇ 14 ਮੈਂਬਰੀ ਤਾਲਮੇਲ ਕਮੇਟੀ ਬਣਾਉਣ ਸਮੇਤ ਕਈ ਅਹਿਮ ਫ਼ੈਸਲੇ ਲਏ। ਇਹ ਕਮੇਟੀ ਗੱਠਜੋੜ ਦੇ ਫ਼ੈਸਲੇ ਲਏਗੀ ਅਤੇ ਸੀਟਾਂ ਦੀ ਵੰਡ ਲਈ ਕੰਮ ਆਰੰਭੇਗੀ। ਐੱਨਸੀਪੀ (ਸ਼ਰਦ ਪਵਾਰ ਧੜਾ) ਦੀ ਆਗੂ ਸੁਪ੍ਰਿਯਾ ਸੂਲੇ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਅਗਲੀ ਮੀਟਿੰਗ ਦਿੱਲੀ ’ਚ ਹੋਵੇਗੀ। ਇਥੇ ਮੀਟਿੰਗ ਦੌਰਾਨ ਪਾਸ ਕੀਤੇ ਗਏ ਮਤੇ ’ਚ ‘ਇੰਡੀਆ’ ਨੇ ਕਿਹਾ ਕਿ ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾਂ ਜਿਥੋਂ ਤੱਕ ਸੰਭਵ ਹੋਵੇ, ਰਲ ਕੇ ਲੜਨ ਦਾ ਅਹਿਦ ਲਿਆ ਹੈ। ਸੂਤਰਾਂ ਨੇ ਕਿਹਾ ਕਿ ਸੀਟਾਂ ਦੀ ਵੰਡ ਨੂੰ 30 ਸਤੰਬਰ ਤੱਕ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਮਤੇ ’ਚ ਕਿਹਾ ਗਿਆ ਹੈ ਕਿ ਪਾਰਟੀਆਂ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਲੋਕਾਂ ਨਾਲ ਸਬੰਧਤ ਮੁੱਦਿਆਂ ’ਤੇ ਰੈਲੀਆਂ ਵੀ ਕੀਤੀਆਂ ਜਾਣਗੀਆਂ। ਵਿਰੋਧੀ ਧਿਰਾਂ ਦੇ ਗੱਠਜੋੜ ਨੇ ‘ਜੁੜੇਗਾ ਭਾਰਤ, ਜਿੱਤੇਗਾ ਇੰਡੀਆ’ ਥੀਮ ’ਤੇ ਵੱਖ ਵੱਖ ਭਾਸ਼ਾਵਾਂ ’ਚ ਮੀਡੀਆ ਰਣਨੀਤੀਆਂ ਅਤੇ ਪ੍ਰਚਾਰ ਮੁਹਿੰਮਾਂ ਇਕੱਠਿਆਂ ਚਲਾਉਣ ਦਾ ਵੀ ਅਹਿਦ ਲਿਆ ਹੈ। ਵਿਰੋਧੀ ਧਿਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ,‘‘ਇੰਡੀਆ ਦੀ ਤਾਕਤ ਨਾਲ ਸਰਕਾਰ ਘਬਰਾ ਗਈ ਹੈ ਅਤੇ ਗੱਠਜੋੜ ਦੇ ਭਾਈਵਾਲਾਂ ਨੂੰ ਬਦਲਾਖੋਰੀ ਵਾਲੀ ਸਿਆਸਤ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੇ ਖ਼ਿਲਾਫ਼ ਏਜੰਸੀਆਂ ਦੀ ਦੁਰਵਰਤੋਂ ਹੋਰ ਵੱਧ ਹੋਵੇਗੀ। ਆਉਂਦੇ ਮਹੀਨਿਆਂ ’ਚ ਛਾਪੇ ਅਤੇ ਗ੍ਰਿਫ਼ਤਾਰੀਆਂ ਵਧਣਗੀਆਂ। ਸਾਡੇ ਗੱਠਜੋੜ ਦਾ ਜਿੰਨਾ ਆਧਾਰ ਵਧੇਗਾ, ਭਾਜਪਾ ਸਰਕਾਰ ਸਾਡੇ ਆਗੂਆਂ ਖ਼ਿਲਾਫ਼ ਓਨੀ ਹੀ ਏਜੰਸੀਆਂ ਦੀ ਦੁਰਵਰਤੋਂ ਕਰੇਗੀ।’’ ਖੜਗੇ ਨੇ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਨੇ ਪਿਛਲੇ ਨੌਂ ਸਾਲਾਂ ਤੋਂ ਫਿਰਕੂ ਜ਼ਹਿਰ ਫੈਲਾਇਆ ਹੈ ਜੋ ਬੇਕਸੂਰ ਰੇਲ ਮੁਸਾਫ਼ਰਾਂ ਅਤੇ ਸਕੂਲੀ ਬੱਚਿਆਂ ਖ਼ਿਲਾਫ਼ ਨਫ਼ਰਤੀ ਅਪਰਾਧ ’ਚ ਤਬਦੀਲ ਹੋ ਗਿਆ ਹੈ। ਉਨ੍ਹਾਂ ਦਾ ਇਸ਼ਾਰਾ ਰੇਲਵੇ ਪੁਲੀਸ ਕਾਂਸਟੇਬਲ ਵੱਲੋਂ ਪਿਛਲੇ ਮਹੀਨੇ ਗੱਡੀ ’ਚ ਲੋਕਾਂ ’ਤੇ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਅਤੇ ਮੁਜ਼ੱਫਰਨਗਰ ਦੇ ਸਕੂਲ ’ਚ ਜਮਾਤੀਆਂ ਵੱਲੋਂ ਮੁਸਲਿਮ ਸਹਿਪਾਠੀ ਨੂੰ ਥੱਪੜ ਮਾਰਨ ਦੀਆਂ ਘਟਨਾਵਾਂ ਵੱਲ ਸੀ। ਆਪਣੇ ਸੰਬੋਧਨ ’ਚ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਟਨਾ ਅਤੇ ਬੰਗਲੂਰੂ ’ਚ ਹੋਈਆਂ ਸਫ਼ਲ ਮੀਟਿੰਗਾਂ ਦਾ ਅਸਰ ਇੰਨਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਨੇ ਨਾ ਸਿਰਫ਼ ਆਪਣੇ ਭਾਸ਼ਨ ’ਚ ‘ਇੰਡੀਆ’ ’ਤੇ ਹਮਲਾ ਕੀਤਾ ਸਗੋਂ ਮੁਲਕ ਦੇ ਨਾਮ ਦੀ ਤੁਲਨਾ ਦਹਿਸ਼ਤੀ ਜਥੇਬੰਦੀ ਅਤੇ ਗੁਲਾਮੀ ਦੇ ਪ੍ਰਤੀਕ ਨਾਲ ਵੀ ਕੀਤੀ। ਮੀਟਿੰਗ ’ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਐੱਨਸੀਪੀ ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਮੁਖੀ ਮਮਤਾ ਬੈਨਰਜੀ, ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ, ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ, ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਸੀਪੀਐੱਮ ਦੇ ਸੀਤਾਰਾਮ ਯੇਚੁਰੀ, ਸੀਪੀਆਈ ਦੇ ਡੀ ਰਾਜਾ, ਸੀਪੀਆਈ (ਐੱਮਐੱਲ) ਆਗੂ ਦੀਪਾਂਕਰ ਭੱਟਾਚਾਰੀਆ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਮ ਮੁੱਖ ਮੰਤਰੀ ਤੇਜਸਵੀ ਯਾਦਵ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਰਾਜ ਸਭਾ ’ਚ ਆਜ਼ਾਦ ਮੈਂਬਰ ਕਪਿਲ ਸਿੱਬਲ ਅਤੇ ਆਰਐੱਲਡੀ ਦੇ ਜੈਯੰਤ ਚੌਧਰੀ ਸਮੇਤ ਹੋਰ ਆਗੂ ਹਾਜ਼ਰ ਸਨ। ਮੀਟਿੰਗ ਤੋਂ ਪਹਿਲਾਂ ‘ਇੰਡੀਆ’ ਗੱਠਜੋੜ ਦੇ ਆਗੂਆਂ ਨੇ ਸਾਂਝੀ ਤਸਵੀਰ ਖਿਚਵਾਈ। ਆਗੂਆਂ ਨੇ ਮਤਾ ਪਾਸ ਕਰਕੇ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਲਈ ਇਸਰੋ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਾੜ ਏਜੰਸੀ ਦੀ ਤਾਕਤ ਅਤੇ ਸਮਰੱਥਾ ਬਣਾਉਣ ’ਚ ਛੇ ਦਹਾਕਿਆਂ ਦਾ ਸਮਾਂ ਲੱਗ ਗਿਆ। -ਪੀਟੀਆਈ

‘ਇੰਡੀਆ’ ਗੱਠਜੋੜ ਦਾ ਦੇਸ਼ ਦੇ ਵਿਕਾਸ ਅਤੇ ਗਰੀਬਾਂ ਦੀ ਭਲਾਈ ਪ੍ਰਤੀ ਕੋਈ ਨਜ਼ਰੀਆ ਨਹੀਂ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਵੱਲੋਂ ਕੀਤੀ ਗਈ ਮੀਟਿੰਗ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਰਸਮੀ ਅਤੇ ਸਿਆਸੀ ਤੌਰ ’ਤੇ ਲੈਣ-ਦੇਣ ਦੇ ਆਪਣੇ ਸਿਧਾਂਤ ਨੂੰ ਮੰਨ ਲਿਆ ਹੈ। ਭਾਜਪਾ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਪਾਰਟੀ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਥਿਤ ਵਿਰੋਧੀ ਧਿਰ ਦੇ ਗੱਠਜੋੜ ਦੀ ਤੀਜੀ ਮੀਟਿੰਗ ’ਚ ਕਿਸਾਨਾਂ, ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਕੋਈ ਰਣਨੀਤੀ ਦਿਖਾਈ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ’ਚ ਦੇਸ਼ ਦੇ ਵਿਕਾਸ ਅਤੇ ਗਰੀਬਾਂ ਦੀ ਭਲਾਈ ਦਾ ਕੋਈ ਖਾਕਾ ਨਜ਼ਰ ਨਹੀਂ ਆਇਆ। ਪ੍ਰਸਾਦ ਨੇ ਕਿਹਾ ਕਿ ਭਾਰਤ ਨੂੰ ਅਤਿਵਾਦ, ਕੱਟੜਵਾਦ ਅਤੇ ਵੱਖਵਾਦੀ ਤਾਕਤਾਂ ਦੇ ਖ਼ਤਰੇ ਨਾਲ ਸਿੱਝਣ ਲਈ ਵੀ ਵਿਰੋਧੀ ਗੱਠਜੋੜ ਨੇ ਕੋਈ ਗੱਲ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਇਕੋ ਇਕ ਮਕਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੰਨੀਆਂ ਹੋ ਸਕਣ, ਓਨੀਆਂ ਗਾਲ੍ਹਾਂ ਕੱਢਣਾ ਹੈ। -ਪੀਟੀਆਈ
ਸਰਕਾਰ ਗਰੀਬਾਂ ਤੋਂ ਖੋਹ ਕੇ ਵੱਡੇ ਕਾਰੋਬਾਰੀਆਂ ਦੀ ਕਰ ਰਹੀ ਹੈ ਸਹਾਇਤਾ: ਖੜਗੇ
ਮੁੰਬਈ: ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ ਤੀਜੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਲੜਨ ਦਾ ਸਾਰੀਆਂ ਪਾਰਟੀਆਂ ਦਾ ਸਾਂਝਾ ਟੀਚਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਗਰੀਬਾਂ ਤੋਂ ਖੋਹ ਕੇ ਵੱਡੇ ਕਾਰੋਬਾਰੀਆਂ ਦੀ ਸਹਾਇਤਾ ਕਰ ਰਹੀ ਹੈ। ‘ਇਹ ਲੁੱਟ ਰੋਕਣ ਲਈ ੲਿੰਡੀਆ ਧੜੇ ਦਾ ਜਿੱਤਣਾ ਜ਼ਰੂਰੀ ਹੈ।’ ਐੱਨਸੀਪੀ ਦੇ ਸ਼ਰਦ ਪਵਾਰ ਨੇ ਭਾਜਪਾ ਵੱਲੋਂ ‘ਇੰਡੀਆ’ ਗੱਠਜੋੜ ਨੂੰ ‘ਘਮੰਡੀਆ’ ਆਖਣ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਸ ਨਾਲ ਉਸ ਦਾ ਹੰਕਾਰ ਝਲਕ ਰਿਹਾ ਹੈ। ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਕਿਹਾ ਕਿ ‘ਇੰਡੀਆ’ ’ਚ ਸ਼ਾਮਲ ਪਾਰਟੀਆਂ ਨੇ ਭ੍ਰਿਸ਼ਟਾਚਾਰ ਅਤੇ ‘ਮਿੱਤਰ-ਪਰਿਵਾਰਵਾਦ’ ਖ਼ਿਲਾਫ਼ ਲੜਨ ਦਾ ਅਹਿਦ ਲਿਆ ਹੈ। ਸੀਪੀਐੱਮ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਧਰਮਨਿਰਪੱਖ ਤਾਕਤਾਂ ਦੇ ਇਕੱਠੇ ਹੋਣ ਨਾਲ ਭਾਜਪਾ ਸਰਕਾਰ ਘਬਰਾ ਗਈ ਹੈ। ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਇਕੱਠੇ ਨਾ ਹੋਣ ਕਾਰਨ ਪ੍ਰਧਾਨ ਮੰਤਰੀ ਮੋਦੀ ਨੂੰ ਲਾਹਾ ਮਿਲ ਰਿਹਾ ਸੀ। ਉਨ੍ਹਾਂ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਘੱਟ ਗਿਣਤੀ ਆਪਣੇ ਆਪ ਨੂੰ ਦੇਸ਼ ’ਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਸਾਰੀਆਂ ਵਿਰੋਧੀ ਧਿਰਾਂ ਦੇ ਇਕੱਠੇ ਆਉਣ ਕਾਰਨ ਸੱਤਾ ’ਚ ਬੈਠੇ ਲੋਕਾਂ ਨੂੰ ਹੁਣ ਲਾਂਭੇ ਹੋਣਾ ਪਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਇੰਡੀਆ’ ਕੁਝ ਪਾਰਟੀਆਂ ਦਾ ਗੱਠਜੋੜ ਨਹੀਂ ਹੈ ਸਗੋਂ ਇਹ 140 ਕਰੋੜ ਭਾਰਤੀਆਂ ਦਾ ਗੱਠਜੋੜ ਹੈ ਜੋ ਨਵਾਂ ਭਾਰਤ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ’ਚ ਅਜਿਹੀ ਹੰਕਾਰੀ ਹੋਈ ਸਰਕਾਰ ਕਦੇ ਨਹੀਂ ਦੇਖੀ ਹੈ। -ਪੀਟੀਆਈ
ਪ੍ਰਧਾਨ ਮੰਤਰੀ ਤੇ ਭਾਜਪਾ ਭ੍ਰਿਸ਼ਟਾਚਾਰ ਦਾ ਗੱਠਜੋੜ: ਰਾਹੁਲ ਗਾਂਧੀ
ਮੁੰਬਈ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਡਾਨੀ ਸਮੂਹ ਦੇ ਸਬੰਧ ਵਿੱਚ ਲੱਗੇ ਦੋਸ਼ਾਂ ਸਬੰਧੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ’ਤੇ ਭ੍ਰਿਸ਼ਟਾਚਾਰ ਦਾ ਗੱਠਜੋੜ ਹੋਣ ਦਾ ਦੋਸ਼ ਲਗਾਇਆ ਅਤੇ ਅਡਾਨੀ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਹੈ। ਸ੍ਰੀ ਗਾਂਧੀ ਨੇ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਨਵੇਂ ਦੋਸ਼ਾਂ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਕ ਕਾਰੋਬਾਰੀ ਵਿਚਲਾ ਗੱਠਜੋੜ ਹਰ ਵਿਅਕਤੀ ਨੂੰ ਦਿਖ ਰਿਹਾ ਹੈ। ਉਨ੍ਹਾਂ ਕਿਹਾ, ‘‘ਮੈਂ ਕੱਲ੍ਹ ਕੀਤੀ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜੀ20 ਦਾ ਸੰਮੇਲਨ ਆ ਰਿਹਾ ਹੈ ਤੇ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ’ਤੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਅਡਾਨੀ ਦੇ ਸਬੰਧ ਵਿੱਚ ਜੋ ਕੁਝ ਹੋਇਆ ਹੈ, ਉਸ ਦੀ ਜਾਂਚ ਹੋਣੀ ਚਾਹੀਦੀ ਹੈ।’’ ਉਨ੍ਹਾਂ ਮੁੜ ਪ੍ਰਧਾਨ ਮੰਤਰੀ ਤੇ ਭਾਜਪਾ ਨੂੰ ਭ੍ਰਿਸ਼ਟਾਚਾਰ ਦਾ ਗੱਠਜੋੜ ਕਰਾਰ ਦਿੰਦਿਆਂ ਕਿਹਾ ਕਿ ‘ਇੰਡੀਆ’ ਵੱਲੋਂ ਸਭ ਤੋਂ ਪਹਿਲਾਂ ਇਸ ਭ੍ਰਿਸ਼ਟ ਗੱਠਜੋੜ ਨੂੰ ਸਾਬਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇਸ਼ ਦੇ ਗਰੀਬ ਲੋਕਾਂ ਦੀਆਂ ਜੇਬਾਂ ’ਚੋਂ ਪੈਸਾ ਕਢਵਾ ਕੇ ਕੁਝ ਕੁ ਵਿਅਕਤੀਆਂ ਦੇ ਖਾਤਿਆਂ ’ਚ ਪਾ ਰਹੀ ਹੈ। ਇਸ ਦੇ ਟਾਕਰੇ ਲਈ ਅਸੀਂ ਵਿਕਾਸ ਦਾ ਸਪੱਸ਼ਟ ਰਾਹ ਪੇਸ਼ ਕਰਨ ਜਾ ਰਹੇ ਹਾਂ।’’ ਰਾਹੁਲ ਨੇ ਕਿਹਾ ਕਿ ਉਹ ਭਾਜਪਾ ਨੂੰ ਹਰਾਉਣ ’ਚ ਕਾਮਯਾਬ ਰਹਿਣਗੇ। ‘ਸਾਡੇ ਵਿਚਾਲੇ ਭਾਵੇਂ ਮੱਤਭੇਦ ਹਨ ਪਰ ਅਸੀਂ ਰਲ ਕੇ ਕੰਮ ਕਰਾਂਗੇ। ਗੱਠਜੋੜ ਦੇਸ਼ ਦੀ ਤਰੱਕੀ ਵਿੱਚ ਗਰੀਬ ਲੋਕਾਂ ਨੂੰ ਸ਼ਾਮਲ ਕਰ ਕੇ ਵਿਕਾਸ ਦਾ ਸਪੱਸ਼ਟ ਰਾਹ ਦਿਖਾਏਗਾ।’ ਰਾਹੁਲ ਨੇ ਕਿਹਾ ਕਿ ਗੱਠਜੋੜ 60 ਫ਼ੀਸਦੀ ਆਬਾਦੀ ਦੀ ਨੁਮਾਇੰਦਗੀ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੀਨ ਨੇ ਲੱਦਾਖ ਵਿੱਚ ਭਾਰਤ ਦੀ ਜ਼ਮੀਨ ਖੋਹ ਲਈ ਹੈ ਤੇ ਸਰਕਾਰ ਨੂੰ ਛੱਡ ਕੇ ਬਾਕੀ ਸਾਰੇ ਇਹ ਗੱਲ ਜਾਣਦੇ ਹਨ। -ਏਐੱਨਆਈ/ਪੀਟੀਆਈ
ਫ਼ੈਸਲੇ ਲੈਣ ਲਈ 14 ਮੈਂਬਰੀ ਤਾਲਮੇਲ ਕਮੇਟੀ ਬਣਾਈ
ਮੁੰਬਈ: ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਸਰਵਉੱਚ ਫੈਸਲੇ ਲੈਣ ਲਈ 14 ਮੈਂਬਰੀ ਤਾਲਮੇਲ ਅਤੇ ਚੋਣ ਰਣਨੀਤਕ ਕਮੇਟੀ ਬਣਾਈ ਗਈ ਹੈ। ਕਮੇਟੀ ’ਚ ਕਾਂਗਰਸ ਦੇ ਕੇ ਸੀ ਵੇਣੂਗੋਪਾਲ, ਡੀਐੱਮਕੇ ਦੇ ਟੀ ਆਰ ਬਾਲੂ, ਐੱਨਸੀਪੀ ਦੇ ਸ਼ਰਦ ਪਵਾਰ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਸੰਜੈ ਰਾਊਤ ਮੈਂਬਰ ਹਨ। ਕਮੇਟੀ ’ਚ ਜੇਐੱਮਐੱਮ ਦੇ ਹੇਮੰਤ ਸੋਰੇਨ, ‘ਆਪ’ ਦੇ ਰਾਘਵ ਚੱਢਾ, ਸੀਪੀਆਈ ਦੇ ਡੀ ਰਾਜਾ, ਸਮਾਜਵਾਦੀ ਪਾਰਟੀ ਦੇ ਜਾਵੇਦ ਅਲੀ ਖਾਨ, ਆਰਜੇਡੀ ਦੇ ਤੇਜਸਵੀ ਯਾਦਵ, ਜੇਡੀਯੂ ਦੇ ਲੱਲਨ ਸਿੰਘ, ਟੀਐੱਮਸੀ ਦੇ ਅਭਿਸ਼ੇਕ ਬੈਨਰਜੀ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਅਤੇ ਪੀਡੀਪੀ ਦੀ ਮਹਿਬੂਬਾ ਮੁਫਤੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੀਪੀਐੱਮ ਵੱਲੋਂ ਆਪਣੇ ਆਗੂ ਦਾ ਨਾਂ ਬਾਅਦ ਵਿੱਚ ਦਿੱਤਾ ਜਾਵੇਗਾ। -ਪੀਟੀਆਈ
ਲਾਲੂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ‘ਸੂਰਿਆ ਲੋਕ’ ਭੇਜਣ ਦੀ ਅਪੀਲ
ਮੁੰਬਈ: ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਨੇ ਅੱਜ ‘ਇੰਡੀਆ’ ਗੱਠਜੋੜ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਆਪਣੇ ਮਜ਼ਾਹੀਆ ਅੰਦਾਜ਼ ਵਿੱਚ ਇਸਰੋ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਸੂਰਿਆ ਲੋਕ’ ਭੇਜਣ ਦੀ ਤਿਆਰੀ ਕਰਨ। ਉਨ੍ਹਾਂ ‘ਭਾਜਪਾ ਹਟਾਓ ਦੇਸ਼ ਬਚਾਓ’ ਦਾ ਨਾਅਰਾ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਖਾਤਿਆਂ ਵਿੱਚ 15 ਲੱਖ ਪਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਤੇ ‘ਮੇਰੇ ਪਰਿਵਾਰ ਦੇ 11 ਜੀਅ ਹਨ ਤੇ ਮੈਨੂੰ ਲੱਗਿਆ ਕਿ ਮੈਨੂੰ 11 ਗੁਣਾ ਪੈਸਾ ਮਿਲੇਗਾ। ਪਰ ਕੁਝ ਨਹੀਂ ਹੋਇਆ ਕਿਉਂਕਿ ਇਹ ਪੈਸਾ ਤਾਂ ਉਨ੍ਹਾਂ (ਭਾਜਪਾ) ਦਾ ਹੀ ਸੀ।’’ -ਪੀਟੀਆਈ