DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਤੇ ਥਾਈਲੈਂਡ ਹਿੰਦ-ਪ੍ਰਸ਼ਾਂਤ ਖੇਤਰ ’ਚ ਵਿਸਥਾਰਵਾਦ ਦੀ ਥਾਂ ਵਿਕਾਸ ਦੇ ਹਮਾਇਤੀ: ਮੋਦੀ

ਮੋਦੀ ਵੱਲੋਂ ਥਾਈ ਹਮਰੁਤਬਾ ਸ਼ਿਨਾਵਾਤਰਾ ਨਾਲ ਦੁਵੱਲੀ ਵਾਰਤਾ
  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਈਲੈਂਡ ਦੀ ਹਮਰੁਤਬਾ ਪੈਟੌਂਗਟਾਰਨ ਸ਼ਿਨਾਵਾਤਰਾ ਨਾਲ। -ਫੋਟੋ: ਪੀਟੀਆਈ
Advertisement
ਬੈਂਕਾਕ, 3 ਅਪਰੈਲ

ਭਾਰਤ ਤੇ ਥਾਈਲੈਂਡ ਨੇ ਆਪਣੇ ਸਬੰਧਾਂ ਨੂੰ ਮਜ਼ਬੂਤ ਬਣਾ ਕੇ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਲਿਜਾਣ ਦਾ ਫ਼ੈਸਲਾ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਮੁਲਕ ਹਿੰਦ-ਪ੍ਰਸ਼ਾਂਤ ਖੇਤਰ ’ਚ ਮੁਕਤ, ਇਕਸਾਰ ਤੇ ਨਿਯਮ ਆਧਾਰਿਤ ਪ੍ਰਬੰਧ ਦੀ ਹਮਾਇਤ ਕਰਦੇ ਹਨ ਅਤੇ ਵਿਸਥਾਰਵਾਦ ਦੀ ਥਾਂ ਵਿਕਾਸ ਦੀ ਨੀਤੀ ’ਚ ਵਿਸ਼ਵਾਸ ਰੱਖਦੇ ਹਨ। ਮੋਦੀ ਨੇ ਇਹ ਟਿੱਪਣੀ ਥਾਈਲੈਂਡ ਦੀ ਆਪਣੀ ਹਮਰੁਤਬਾ ਪੈਟੌਂਗਟਾਰਨ ਸ਼ਿਨਾਵਾਤਰਾ ਨਾਲ ਵਫ਼ਦ ਪੱਧਰੀ ਵਾਰਤਾ ਤੋਂ ਬਾਅਦ ਸਾਂਝੇ ਪ੍ਰੈੱਸ ਸੰਮੇਲਨ ’ਚ ਕੀਤੀ। ਇਸ ਵਾਰਤਾ ਦੌਰਾਨ ਉਨ੍ਹਾਂ ਦੁਵੱਲੇ ਸਹਿਯੋਗ ਦੇ ਵੱਖ ਵੱਖ ਖੇਤਰਾਂ ਬਾਰੇ ਚਰਚਾ ਕੀਤੀ।

Advertisement

ਮੋਦੀ ਨੇ ਸ਼ਿਨਾਵਾਤਰਾ ਨਾਲ ਹੋਈ ਗੱਲਬਾਤ ਬਾਰੇ ਕਿਹਾ, ‘‘ਅਸੀਂ ਭਾਰਤ ਦੇ ਉੱਤਰ-ਪੂਰਬੀ ਰਾਜਾਂ ਤੇ ਥਾਈਲੈਂਡ ਵਿਚਾਲੇ ਸੈਰ-ਸਪਾਟਾ, ਸੱਭਿਆਚਾਰ ਅਤੇ ਸਿੱਖਿਆ ਦੇ ਖੇਤਰ ’ਚ ਸਹਿਯੋਗ ’ਤੇ ਜ਼ੋਰ ਦਿੱਤਾ ਹੈ। ਅਸੀਂ ਆਪਸੀ ਵਪਾਰ, ਨਿਵੇਸ਼ ਤੇ ਕਾਰੋਬਾਰਾਂ ਵਿਚਾਲੇ ਲੈਣ-ਦੇਣ ਵਧਾਉਣ ’ਤੇ ਚਰਚਾ ਕੀਤੀ।’’ ਉਨ੍ਹਾਂ ਕਿਹਾ, ‘‘ਐੱਮਐੱਸਐੱਮਈ, ਖੱਡੀ-ਬੁਣਾਈ ਅਤੇ ਦਸਤਕਾਰੀ ’ਚ ਸਹਿਯੋਗ ਲਈ ਵੀ ਸਮਝੌਤੇ ਕੀਤੇ ਗਏ ਹਨ।’’ ਮੋਦੀ ਨੇ ਕਿਹਾ ਕਿ ਭਾਰਤ ਦੀ ‘ਐਕਟ ਈਸਟ’ ਨੀਤੀ ਅਤੇ ਹਿੰਦ-ਪ੍ਰਸ਼ਾਂਤ ਨਜ਼ਰੀਏ ’ਚ ਥਾਈਲੈਂਡ ਦਾ ਵਿਸ਼ੇਸ਼ ਸਥਾਨ ਹੈ। ਮੋਦੀ ਨੇ ਕਿਹਾ, ‘‘ਅੱਜ ਅਸੀਂ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫ਼ੈਸਲਾ ਲਿਆ ਹੈ। ਸੁਰੱਖਿਆ ਏਜੰਸੀਆਂ ਵਿਚਾਲੇ ਰਣਨੀਤਕ ਵਾਰਤਾ ਸ਼ੁਰੂ ਕਰਨ ਬਾਰੇ ਵੀ ਚਰਚਾ ਹੋਈ ਹੈ।’’

ਉਨ੍ਹਾਂ ਕਿਹਾ ਕਿ ਭਾਰਤ ਆਸੀਆਨ ’ਚ ਏਕਤਾ ਤੇ ਕੇਂਦਰੀਕਰਨ ਦੀ ਪੂਰੀ ਹਮਾਇਤ ਕਰਦਾ ਹੈ। ਮੋਦੀ ਨੇ ਕਿਹਾ, ‘‘ਹਿੰਦ-ਪ੍ਰਸ਼ਾਂਤ ਖੇਤਰ ’ਚ ਅਸੀਂ ਦੋਵੇਂ ਇੱਕ ਮੁਕਤ, ਤਾਲਮੇਲ ਵਾਲੇ ਤੇ ਨਿਯਮ ਆਧਾਰਿਤ ਪ੍ਰਬੰਧ ਦੀ ਹਮਾਇਤ ਕਰਦੇ ਹਾਂ। ਅਸੀਂ ਵਿਸਤਾਰਵਾਦ ਨਹੀਂ, ਵਿਕਾਸਵਾਦ ਦੀ ਨੀਤੀ ’ਚ ਯਕੀਨ ਰੱਖਦੇ ਹਾਂ।’’

ਉਨ੍ਹਾਂ ਕਿਹਾ, ‘‘ਮੈਂ ਆਪਣੀ ਯਾਤਰਾ ਮੌਕੇ ਰਾਮਾਇਣ ਦੀਆਂ 18ਵੀਂ ਸਦੀ ਦੀਆਂ ਪੇਂਟਿੰਗਾਂ ’ਤੇ ਆਧਾਰਿਤ ਵਿਸ਼ੇਸ਼ ਡਾਕ ਟਿਕਟ ਜਾਰੀ ਕਰਨ ਲਈ ਥਾਈਲੈਂਡ ਸਰਕਾਰ ਦਾ ਰਿਣੀ ਹਾਂ।’’ ਇਸ ਮੌਕੇ ਸ਼ਿਨਾਵਾਤਰਾ ਨੇ ਮੋਦੀ ਨੂੰ ‘ਤ੍ਰਿਪਿਟਕ’ ਭੇਟ ਕੀਤਾ। ਮੋਦੀ ਨੇ ਕਿਹਾ ਕਿ ਭਾਰਤ ਤੇ ਥਾਈਲੈਂਡ ਵਿਚਾਲੇ ਸਦੀਆਂ ਪੁਰਾਣੇ ਰਿਸ਼ਤੇ ਉਨ੍ਹਾਂ ਦੇ ਡੂੰਘੇ ਸੱਭਿਆਚਾਰ ਤੇ ਅਧਿਆਤਮਿਕ ਡੋਰ ਨਾਲ ਬੱਝੇ ਹੋਏ ਹਨ। ਛੇਵੇਂ ਬਿਮਸਟੈਕ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਦੋ ਰੋਜ਼ਾ ਦੌਰੇ ’ਤੇ ਇੱਥੇ ਪੁੱਜੇ ਮੋਦੀ ਨੂੰ ਪਹਿਲਾਂ ‘ਗਾਰਡ ਆਫ ਆਨਰ’ ਦਿੱਤਾ ਗਿਆ। -ਪੀਟੀਆਈ

Advertisement
×