ਮੁੰਬਈ, 31 ਅਗਸਤ
ਵਿਰੋਧੀ ਧਿਰ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੀਆਂ ਪਾਰਟੀਆਂ ਦੇ ਨੇਤਾਵਾਂ ਦੀ ਦੋ ਰੋਜ਼ਾ ਮੀਟਿੰਗ ਅੱਜ ਇੱਥੇ ਸ਼ੁਰੂ ਹੋਵੇਗੀ, ਜਿਸ ਵਿਚ ਇਸ ਮੋਰਚੇ ਦੇ ਅਹੁਦੇਦਾਰਾਂ ਅਤੇ ਤਾਲਮੇਲ ਕਮੇਟੀ, ਆਮ ਘੱਟੋ-ਘੱਟ ਪ੍ਰੋਗਰਾਮ, ਭਵਿੱਖ ਦੀ ਰਣਨੀਤੀ ਸਣੇ ਕਈ ਨੁਕਤਿਆਂ ‘ਤੇ ਵਿਚਾਰ ਕੀਤਾ ਜਾਵੇਗਾ ਤੇ ਇਨ੍ਹਾਂ ’ਤੇ ਸਹਿਮਤੀ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਵਾਰ ਦੇਸ਼ ਦੀ ਵਿੱਤੀ ਰਾਜਧਾਨੀ ਦੇ ਪੰਜ ਸਿਤਾਰਾ ਹੋਟਲ ਵਿੱਚ 31 ਅਗਸਤ ਅਤੇ 1 ਸਤੰਬਰ ਨੂੰ ਹੋਣ ਵਾਲੀ ਇਸ ਮੀਟਿੰਗ ਵਿੱਚ ਕੁੱਲ 28 ਪਾਰਟੀਆਂ ਹਿੱਸਾ ਲੈਣਗੀਆਂ, ਜੋ ਬੰਗਲੌਰ ਵਿੱਚ ਹੋਈ ਪਿਛਲੀ ਮੀਟਿੰਗ ਨਾਲੋਂ ਦੋ ਵੱਧ ਹੋਣਗੀਆਂ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਮੀਟਿੰਗ ਵਿੱਚ 28 ਪਾਰਟੀਆਂ ਦੇ 63 ਪ੍ਰਤੀਨਿਧੀ ਸ਼ਾਮਲ ਹੋਣਗੇ। ਪ੍ਰੋਗਰਾਮ ਦੇ ਤਹਿਤ ਅੱਜ ਸ਼ਾਮ ਨੂੰ ਵਿਰੋਧੀ ਪਾਰਟੀਆਂ ਦੇ ਨੇਤਾ ਹੋਟਲ ‘ਚ ਇਕੱਠੇ ਹੋਣਗੇ ਅਤੇ ਫਿਰ ਉੱਥੇ ਰਾਤਰੀ ਭੋਜਨ ਕੀਤਾ ਜਾਵੇਗਾ। ਇਸ ਦੌਰਾਨ ਗੈਰ ਰਸਮੀ ਗੱਲਬਾਤ ਹੋਵੇਗੀ। ਰਾਤ ਦੇ ਖਾਣੇ ਦੀ ਮੇਜ਼ਬਾਨੀ ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਕਰ ਰਹੇ ਹਨ। ਬੈਠਕ ਦੇ ਦੂਜੇ ਦਿਨ ਸ਼ੁੱਕਰਵਾਰ ਸਵੇਰੇ ਗਠਜੋੜ ਦਾ ‘ਲੋਗੋ’ ਜਾਰੀ ਕੀਤਾ ਜਾਵੇਗਾ ਅਤੇ ਫਿਰ ਵਿਰੋਧੀ ਨੇਤਾਵਾਂ ਦੀ ਬੈਠਕ ਹੋਵੇਗੀ। ਸ਼ਾਮ ਨੂੰ ‘ਇੰਡੀਆ’ ਦੀਆਂ ਪਾਰਟੀਆਂ ਦੇ ਆਗੂ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ।