DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਨੇ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਇਆ

ਗਿੱਲ ਅਤੇ ਗਾਇਕਵਾੜ ਨੇ ਜੜੇ ਨੀਮ ਸੈਂਕੜੇ; ਮੁਹੰਮਦ ਸ਼ਮੀ ਬਣਿਆ ‘ਮੈਨ ਆਫ ਦਿ ਮੈਚ’
  • fb
  • twitter
  • whatsapp
  • whatsapp
featured-img featured-img
ਨੀਮ ਸੈਂਕੜਾ ਪੂਰਾ ਕਰਨ ਮਗਰੋਂ ਖ਼ੁਸ਼ੀ ਜ਼ਾਹਰ ਕਰਦਾ ਹੋਇਆ ਬੱਲੇਬਾਜ਼ ਸ਼ੁਭਮਨ ਗਿੱਲ। -ਫੋਟੋ: ਪੀਟੀਆਈ

ਕਰਮਜੀਤ ਸਿੰਘ ਚਿੱਲਾ

ਐਸ.ਏ.ਐਸ. ਨਗਰ(ਮੁਹਾਲੀ), 22 ਸਤੰਬਰ

ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਭਾਰਤ ਅਤੇ ਆਸਟਰੇਲੀਆ ਦਰਮਿਆਨ ਖੇਡਿਆ ਗਿਆ ਪਹਿਲਾ ਇੱਕ ਰੋਜ਼ਾ ਮੈਚ ਅੱਜ ਭਾਰਤ ਨੇ ਪੰਜ ਵਿਕਟਾਂ ਨਾਲ ਜਿੱਤ ਲਿਆ। ਭਾਰਤ ਨੇ ਆਸਟਰੇਲੀਆ ਦੇ 276 ਦੌੜਾਂ ਦੇ ਜਵਾਬ ਵਿੱਚ 48.4 ਓਵਰਾਂ ਵਿੱਚ ਪੰਜ ਵਿਕਟਾਂ ਪਿੱਛੇ 281 ਦੌੜਾਂ ਬਣਾ ਕੇ ਮੈਚ ਉੱਤੇ ਆਪਣਾ ਕਬਜ਼ਾ ਕਰ ਲਿਆ।

ਮੈਚ ਦੌਰਾਨ ਸ਼ਾਟ ਜੜਦਾ ਹੋਇਆ ਭਾਰਤੀ ਕਪਤਾਨ ਕੇ.ਐੱਲ ਰਾਹੁਲ। -ਫੋਟੋ: ਪੀਟੀਆਈ

ਭਾਰਤ ਦੇ ਕਪਤਾਨ ਕੇਐੱਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿੱਚ 10 ਵਿਕਟਾਂ ਉੱਤੇ 276 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਭਾਰਤ ਦੀ ਸਲਾਮੀ ਜੋੜੀ ਸ਼ੁਭਮਨ ਗਿੱਲ ਅਤੇ ਰੁਤੂਰਾਜ ਗਾਇਕਵਾੜ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਪਹਿਲੀ ਵਿਕਟ ਲਈ 142 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 74 ਅਤੇ ਗਾਇਕਵਾੜ ਨੇ 77 ਗੇਂਦਾਂ ਵਿੱਚ 71 ਦੌੜਾਂ ਬਣਾਈਆਂ। ਕਪਤਾਨ ਕੇ.ਐੱਲ. ਰਾਹੁਲ ਨੇ 63 ਗੇਂਦਾਂ ਵਿੱਚ 58 ਦੌੜਾਂ ਦੀ ਨਾਬਾਦ ਪਾਰੀ ਖੇਡੀ। ਰਵਿੰਦਰ ਜਡੇਜਾ ਤਿੰਨ ਦੌੜਾਂ ਬਣਾ ਕੇ ਨਾਬਾਦ ਰਿਹਾ। ਸੂਰਿਆ ਕੁਮਾਰ ਯਾਦਵ ਨੇ 50, ਇਸ਼ਹਾਨ ਕਿਸ਼ਨ ਨੇ 18 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਤਿੰਨ ਦੌੜਾਂ ਬਣਾ ਕੇ ਰਨ ਆਊਟ ਹੋਇਆ। ਆਸਟਰੇਲੀਆ ਦੇ ਗੇਂਦਬਾਜ਼ਾਂ ਵਿੱਚੋਂ ਐਡਮ ਜੈਂਪਾ ਨੇ ਦੋ ਅਤੇ ਅਤੇ ਕਪਤਾਨ ਪੈੱਟ ਕਮਿੰਸ ਅਤੇ ਸੀਨ ਐਬਿਟ ਨੇ ਇੱਕ-ਇੱਕ ਵਿਕਟ ਲਈ। ਸਟਾਨਿਸ, ਕੈਮਰਾਨ, ਮੈਥਿਓ ਸ਼ਾਰਟ ਕੋਈ ਵਿਕਟ ਹਾਸਿਲ ਨਾ ਕਰ ਸਕੇ। ਆਸਟਰੇਲੀਆ ਨੇ ਆਪਣੀ ਪਾਰੀ ਵਿੱਚ 26 ਚੌਕੇ ਅਤੇ ਛੇ ਛੱਕੇ ਲਗਾਏ। ਭਾਰਤੀ ਟੀਮ ਦੇ ਖਿਡਾਰੀਆਂ ਨੇ 27 ਚੌਕੇ ਅਤੇ ਚਾਰ ਛੱਕੇ ਮਾਰੇ। ਭਾਰਤੀ ਟੀਮ ਦੇ ਮੁਹੰਮਦ ਸ਼ਮੀ ਨੇ 10 ਓਵਰਾਂ ਵਿੱਚ 51 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਇਸ ਦੌਰਾਨ ਸ਼ਾਨਦਾਰ ਗੇਂਦਬਾਜ਼ੀ ਲਈ ਮੁਹੰਮਦ ਸ਼ਮੀ ਨੂੰ ਮੈਨ ਆਫ਼ ਦਿ ਮੈਚ ਦਾ ਖਿਤਾਬ ਦਿੱਤਾ ਗਿਆ। ਜਸਪ੍ਰੀਤ ਬੁਮਰਾਹ ਨੇ ਦਸ ਓਵਰਾਂ ਵਿੱਚ 43 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ। ਆਰ ਆਸ਼ਵਿਨ ਨੇ 10 ਓਵਰਾਂ ਵਿੱਚ 47 ਦੌੜਾਂ ਦੇ ਕੇ ਇੱਕ ਵਿਕਟ ਅਤੇ ਰਵਿੰਦਰ ਜਡੇਜਾ ਨੇ 10 ਓਵਰਾਂ ਵਿੱਚ 51 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ। ਸ਼ਰਦੁਲ ਠਾਕੁਰ ਨੇ 10 ਓਵਰਾਂ ਵਿੱਚ ਸਭ ਤੋਂ ਵੱਧ 78 ਦੌੜਾਂ ਦਿੱਤੀਆਂ ਅਤੇ ਕੋਈ ਵਿਕਟ ਹਾਸਲ ਨਾ ਕਰ ਸਕਿਆ।

ਮੀਂਹ ਕਾਰਨ 18 ਮਿੰਟ ਰੁਕਿਆ ਮੈਚ

ਮੈਚ ਸ਼ੁਰੂ ਹੋਣ ਵੇਲੇ ਸਖ਼ਤ ਗਰਮੀ ਤੇ ਹੁੰਮਸ ਸੀ ਪਰ ਪੌਣੇ ਕੁ ਚਾਰ ਵਜੇ ਅਚਾਨਕ ਹਨੇਰੀ ਆਈ ਅਤੇ ਚਾਰ ਕੁ ਵਜੇ ਪਏ ਹਲਕੇ ਮੀਂਹ ਨੇ ਇੱਕ ਦਮ ਮੌਸਮ ਦਾ ਮਿਜ਼ਾਜ ਬਦਲ ਦਿੱਤਾ, ਜਿਸ ਕਾਰਨ 18 ਮਿੰਟ ਮੈਚ ਵੀ ਰੁਕਿਆ ਰਿਹਾ। ਇਸ ਮੌਕੇ ਸਟੇਡੀਅਮ ਵਿੱਚ ਰੌਸ਼ਨੀ ਦੀ ਘਾਟ ਨੂੰ ਵੇਖਦਿਆਂ ਤੁਰੰਤ ਲਾਈਟਾਂ ਜਗਾਈਆਂ ਗਈਆਂ ਅਤੇ ਮੀਂਹ ਕਾਰਨ ਪੰਦਰਾਂ ਮਿੰਟ ਮੈਚ ਰੁਕਿਆ ਰਿਹਾ।

ਤਿਰੰਗਾ ਲੈ ਕੇ ਮੈਦਾਨ ਵਿੱਚ ਵੜਿਆ ਦਰਸ਼ਕ

ਮੁਹਾਲੀ ਦੇ ਆਈਐੋੱਸ ਬਿੰਦਰਾ ਸਟੇਡੀਅਮ ਵਿਚ ਮੈਚ ਦੌਰਾਨ ਮੈਦਾਨ ’ਚ ਦਾਖ਼ਲ ਹੋਏ ਦਰਸ਼ਕ ਨੂੰ ਰੋਕਦੇ ਹੋਏ ਸੁਰੱਖਿਆ ਕਰਮੀ। -ਫੋਟੋ: ਰਵੀ ਕੁਮਾਰ

ਸ਼ਾਮ 7.30 ਵਜੇ ਦੇ ਕਰੀਬ ਜਦੋਂ ਭਾਰਤੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਤਾਂ ਇੱਕ ਦਰਸ਼ਕ ਹੱਥ ਵਿੱਚ ਤਿਰੰਗਾ ਲੈ ਕੇ ਮੈਦਾਨ ਵਿੱਚ ਵੜ ਗਿਆ। ਉਹ ਜੰਗਲੇ ਉੱਤੋਂ ਛਾਲ ਮਾਰ ਕੇ ਮੈਦਾਨ ਵਿੱਚ ਪਹੁੰਚਿਆ ਤੇ ਖਿਡਾਰੀਆਂ ਦੇ ਨੇੜੇ ਜਾਣ ਲੱਗਿਆ। ਤੁਰੰਤ ਹਰਕਤ ਵਿੱਚ ਆਈ ਪੁਲੀਸ ਨੇ ਉਸ ਨੂੰ ਕਾਬੂ ਕਰ ਕੇ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਤੇ ਅਗਲੇਰੀ ਪੁੱਛਗਿਛ ਆਰੰਭ ਦਿੱਤੀ।