ਵੈਟਰਨਰੀ ਖੇਤਰ ਵਿੱਚ ਔਰਤਾਂ ਦੀ ਗਿਣਤੀ ਵਧਣਾ ਸ਼ੁੱਭ ਸੰਕੇਤ: ਮੁਰਮੂ
ਬਰੇਲੀ, 30 ਜੂਨ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਵੈਟਰਨਰੀ ਸਾਇੰਸ ਵਿੱਚ ਕਰੀਅਰ ਚੁਣਨ ਵਾਲੀਆਂ ਔਰਤਾਂ ਦੀ ਵਧ ਰਹੀ ਗਿਣਤੀ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਇਸ ਨੂੰ ‘ਸ਼ੁਭ ਸੰਕੇਤ’ ਦੱਸਿਆ। ਇੱਥੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ (ਆਈਵੀਆਰਆਈ) ਦੇ 11ਵੇਂ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ ਕਿ ਪਿੰਡਾਂ ਵਿੱਚ ਵੀ ਘਰ ਦੀਆਂ ਔਰਤਾਂ ਹੀ ਪਸ਼ੂਆਂ ਦੀ ਦੇਖਭਾਲ ਕਰਦੀਆਂ ਹਨ। ਮੁਰਮੂ ਨੇ ਕਿਹਾ, ‘ਅੱਜ ਤਗਮਾ ਜਿੱਤਣ ਵਾਲਿਆਂ ਵਿੱਚ ਵੱਡੀ ਗਿਣਤੀ ਵਿਦਿਆਰਥਣਾਂ ਦੀ ਗਿਣਤੀ ਦੇਖ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਧੀਆਂ ਬਾਕੀ ਖੇਤਰਾਂ ਵਾਂਗ ਵੈਟਰਨਰੀ ਖੇਤਰ ਵਿੱਚ ਵੀ ਅੱਗੇ ਆ ਰਹੀਆਂ ਹਨ। ਇਹ ਬਹੁਤ ਸ਼ੁੱਭ ਸੰਕੇਤ ਹੈ।’
ਮੁਰਮੂ ਨੇ ਕਿਹਾ, ‘ਪਿੰਡਾਂ ਵਿੱਚ ਪਸ਼ੂਆਂ ਦੀ ਦੇਖਭਾਲ ਵੀ ਮਾਵਾਂ-ਭੈਣਾਂ ਹੀ ਕਰ ਰਹੀਆਂ ਹਨ ਕਿਉਂਕਿ ਉਹ ਜਾਨਵਰਾਂ ਨਾਲ ਵਧੇਰੇ ਜੁੜੀਆਂ ਹੋਈਆਂ ਹਨ। ਇਸੇ ਲਈ ਮੈਨੂੰ ਇਸ ਖੇਤਰ ਵਿੱਚ ਧੀਆਂ ਦੀ ਸ਼ਮੂਲੀਅਤ ਪਸੰਦ ਹੈ।’ ਮੁਰਮੂ ਬੀਤੇ ਦਿਨ ਬਰੇਲੀ ਪਹੁੰਚੇ ਸਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਯੋਗੀ ਆਦਿਤਿਆਨਾਥ ਨੇ ਕਰੋਨਾ ਦੌਰਾਨ ਆਈਵੀਆਰਆਈ ਦੇ ਅਹਿਮ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਨੇ ਸੰਕਟ ਦੇ ਸ਼ੁਰੂਆਤੀ ਗੇੜ ਵਿੱਚ ਦੋ ਲੱਖ ਤੋਂ ਵੱਧ ਟੈਸਟ ਕਰਵਾ ਕੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ, ‘ਜਦੋਂ ਕਰੋਨਾ ਆਇਆ ਸੀ ਤਾਂ ਸ਼ੁਰੂਆਤੀ ਗੇੜ ਵਿੱਚ ਟੈਸਟਿੰਗ ਵੱਡੀ ਚੁਣੌਤੀ ਸੀ। -ਪੀਟੀਆਈ
ਡਾਕਟਰਾਂ ਦਾ ਸਮਾਜ ਦੇ ਵਿਕਾਸ ’ਚ ਅਹਿਮ ਯੋਗਦਾਨ: ਮੁਰਮੂ
ਗੋਰਖਪੁਰ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਡਾਕਟਰੀ ਪੇਸ਼ਾ ਸਿਰਫ਼ ਬਿਮਾਰੀਆਂ ਦਾ ਇਲਾਜ ਹੀ ਨਹੀਂ ਕਰਦਾ ਸਗੋ ਦੇਸ਼ ਦੇ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਪਾਉਂਦਾ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਸ), ਗੋਰਖਪੁਰ ਦੇ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੌਜਵਾਨ ਡਾਕਟਰਾਂ ਨੂੰ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਦੇਸ਼ ਲਈ ਸਿਹਤਮੰਦ ਆਬਾਦੀ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਮੈਂ ਸਾਰੇ ਡਾਕਟਰਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਲਾਜ ਸਿਰਫ਼ ਲੋਕਾਂ ਦੀ ਸੇਵਾ ਕਰਨ ਦਾ ਸਾਧਨ ਨਹੀਂ, ਸਗੋਂ ਦੇਸ਼ ਦੀ ਸੇਵਾ ਕਰਨ ਦਾ ਤਰੀਕਾ ਵੀ ਹੈ। ਡਾਕਟਰ ਸਿਰਫ਼ ਬਿਮਾਰੀਆਂ ਦਾ ਇਲਾਜ ਨਹੀਂ ਕਰਦੇ, ਉਹ ਸਿਹਤਮੰਦ ਸਮਾਜ ਦੀ ਨੀਂਹ ਰੱਖਦੇ ਹਨ।’ -ਪੀਟੀਆਈ