ਨਵੇਂ ਅਪਰਾਧਕ ਕਾਨੂੰਨ ਲਾਗੂ ਕਰਨਾ ਬੇਕਾਰ ਕੋਸ਼ਿਸ਼: ਚਿਦੰਬਰਮ
ਨਵੀਂ ਦਿੱਲੀ, 2 ਜੁਲਾਈ
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਤਿੰਨ ਨਵੇਂ ਅਪਰਾਧਿਕ ਕਾਨੂੰਨ ਬਣਾਉਣ ਦੀ ਕੋਸ਼ਿਸ਼ ਬੇਕਾਰ ਸੀ ਅਤੇ ਇਸ ਨਾਲ ਜੱਜਾਂ, ਵਕੀਲਾਂ ਅਤੇ ਪੁਲੀਸ ਸਣੇ ਨਿਆਂ ਦੇ ਪ੍ਰਸ਼ਾਸਨ ਵਿੱਚ ਸਿਰਫ਼ ਭਰਮ ਪੈਦਾ ਹੋਇਆ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਨਵੇਂ ਕਾਨੂੰਨ ਜ਼ਿਆਦਾਤਰ ‘ਕਾਪੀ ਅਤੇ ਪੇਸਟ’ ਵਾਲੇ ਹਨ ਅਤੇ ਕੁਝ ਹੀ ਨਵੇਂ ਪ੍ਰਬੰਧ ਜੋੜੇ ਗਏ ਹਨ।
ਉਨ੍ਹਾਂ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਤਿੰਨ ਅਪਰਾਧਿਕ ਕਾਨੂੰਨ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੇ ਸੁਧਾਰ ਹਨ, ਜਦਕਿ ਇਹ ਗੱਲ ਸੱਚਾਈ ਤੋਂ ਕੋਹਾਂ ਦੂਰ ਹੈ। ਸਾਬਕਾ ਗ੍ਰਹਿ ਮੰਤਰੀ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਮੈਂ ਤਿੰਨੋਂ ਬਿੱਲਾਂ ਦੀ ਜਾਂਚ ਕਰਨ ਵਾਲੀ ਸੰਸਦ ਦੀ ਸਥਾਈ ਕਮੇਟੀ ਨੂੰ ਇਕ ਅਸਹਿਮਤੀ ਨੋਟ ਭੇਜਿਆ ਸੀ ਅਤੇ ਇਹ ਸੰਸਦ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦਾ ਹਿੱਸਾ ਹੈ।’’ -ਪੀਟੀਆਈ
ਭਾਜਪਾ ਨੇ ਵੀ ਦਿੱਤਾ ਮੋੜਵਾਂ ਜਵਾਬ
ਭਾਜਪਾ ਦੇ ਆਈਟੀ ਵਿੰਗ ਦੇ ਮੁਖੀ ਅਮਿਤ ਮਾਲਵੀਆ ਨੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ’ਤੇ ਮੋੜਵਾਂ ਹਮਲਾ ਕਰਦਿਆਂ ‘ਐਕਸ’ ਉੱਤੇ ਪੋਸਟ ਕੀਤਾ, ‘‘ਇਹ ਅਸਲ ਵਿੱਚ ਦੱਸਣਯੋਗ ਹੈ ਕਿ ਜਿਸ ਵਿਅਕਤੀ ਨੇ ਵਿੱਤ ਮੰਤਰੀ ਅਤੇ ਗ੍ਰਹਿ ਮੰਤਰੀ ਦੋਹਾਂ ਦੇ ਰੂਪ ਵਿੱਚ ਕੰਮ ਕੀਤਾ ਹੈ, ਉਸ ਦੇ ਹਿੱਸੇ ਵਿੱਚ ਕੋਈ ਬਦਲਾਅ ਲਿਆਉਣ ਵਾਲਾ ਕਾਨੂੰਨ ਨਹੀਂ ਹੈ। ਤੁਹਾਡੀ ਵਿਰਾਸਤ? ਪ੍ਰਣਬ ਮੁਖਰਜੀ ਦੇ ਦਫ਼ਤਰ ਵਿੱਚ ਜਾਸੂਸੀ ਕਰਵਾਉਣ ਦਾ ਦੋਸ਼ ਅਤੇ ਵਿਰੋਧੀ ਧਿਰ ਦੇ ਮੈਂਬਰ ਵਜੋਂ ਅਸਹਿਮਤੀ ਨੋਟ ਲਿਖਣ ਦੀ ਹੈ। ਇਹ ਭਾਰਤੀ ਸ਼ਾਸਨ ਵਿਵਸਥਾ ਵਿੱਚ ਤੁਹਾਡੇ ਯੋਗਦਾਨ ਦਾ ਕੁੱਲ ਜੋੜ ਹੈ।’’