ਸਾਮਾਨ ਬੰਨ੍ਹ ਲਿਆ ਹੈ, ਜਲਦੀ ਹੀ ਸਰਕਾਰੀ ਰਿਹਾਇਸ਼ ਛੱਡ ਦੇਵਾਂਗਾ: ਚੰਦਰਚੂੜ
ਨਵੀਂ ਦਿੱਲੀ, 7 ਜੁਲਾਈ
ਸਰਕਾਰੀ ਰਿਹਾਇਸ਼ ਵਿੱਚ ਸੇਵਾਮੁਕਤੀ ਮਗਰੋਂ ਤੈਅ ਸਮੇਂ ਨਾਲੋਂ ਵੱਧ ਸਮਾਂ ਰਹਿਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਭਾਰਤ ਦੇ ਸਾਬਕਾ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ ਕਿ ਸਾਮਾਨ ਬੰਨ੍ਹ ਲਿਆ ਹੈ ਅਤੇ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਜਲਦੀ ਹੀ ਕਿਰਾਏ ਦੀ ਦੂਜੀ ਸਰਕਾਰੀ ਰਿਹਾਇਸ਼ ’ਚ ਚਲੇ ਜਾਣਗੇ।
ਚੰਦਰਚੂੜ, ਉਨ੍ਹਾਂ ਦੀ ਪਤਨੀ ਕਲਪਨਾ ਅਤੇ ਧੀਆਂ ਪ੍ਰਿਯੰਕਾ ਤੇ ਮਾਹੀ 5, ਕ੍ਰਿਸ਼ਨ ਮੈਨਨ ਮਾਰਗ, ਨਵੀਂ ਦਿੱਲੀ ਸਥਿਤ ਚੀਫ ਜਸਟਿਸ (ਸੀਜੇਆਈ) ਦੀ ਅਧਿਕਾਰਤ ਰਿਹਾਇਸ਼ ’ਚ ਰਹਿ ਰਹੇ ਹਨ। ਪ੍ਰਿਯੰਕਾ ਤੇ ਮਾਹੀ ਦੋਵੇਂ ਦਿਵਿਆਂਗ ਹਨ। ਜਸਟਿਸ ਚੰਦਰਚੂੜ ਨੇ ਬੰਗਲੇ ਵਿੱਚ ਨਿਰਧਾਰਤ ਸਮੇਂ ਤੋਂ ਵੱਧ ਸਮਾਂ ਤੱਕ ਰਹਿਣ ਦੇ ਕਾਰਨਾਂ ਨੂੰ ਵਿਸਥਾਰ ਵਿੱਚ ਦੱਸਦੇ ਹੋਏ ਕਿਹਾ, ‘‘ਅਸੀਂ ਅਸਲ ਵਿੱਚ ਆਪਣਾ ਸਾਮਾਨ ਬੰਨ੍ਹ ਲਿਆ ਹੈ। ਸਾਡਾ ਸਾਮਾਨ ਪਹਿਲਾਂ ਹੀ ਪੂਰੀ ਤਰ੍ਹਾਂ ਬੰਨ੍ਹਿਆ ਜਾ ਚੁੱਕਿਆ ਹੈ। ਕੁਝ ਸਾਮਾਨ ਪਹਿਲਾਂ ਹੀ ਨਵੇਂ ਘਰ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਕੁਝ ਇੱਥੇ ਸਟੋਰ ਰੂਮ ਵਿੱਚ ਰੱਖਿਆ ਹੋਇਆ ਹੈ।’’ 8 ਨਵੰਬਰ 2024 ਨੂੰ ਦਫ਼ਤਰ ਤੋਂ ਸੇਵਾਮੁਕਤ ਹੋਏ 50ਵੇਂ ਚੀਫ਼ ਜਸਟਿਸ ਕਥਿਤ ਤੌਰ ’ਤੇ ਜ਼ਿਆਦਾ ਸਮੇਂ ਤੱਕ ਰਹਿਣ ਕਾਰਨ ਅਧਿਕਾਰਤ ਬੰਗਲਾ ਖਾਲੀ ਕਰਨ ਲਈ ਸੁਪਰੀਮ ਕੋਰਟ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਨੂੰ ਭੇਜੇ ਗਏ ਪੱਤਰ ਦਾ ਜਵਾਬ ਦੇ ਰਹੇ ਸਨ। -ਪੀਟੀਆਈ
ਵਿਵਾਦ ’ਤੇ ਦੁੱਖ ਜ਼ਾਹਿਰ ਕੀਤਾ
ਸਾਬਕਾ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਵਿਵਾਦ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਆਪਣੀਆਂ ਧੀਆਂ ਦੇ ਇਲਾਜ ਦੀ ਸਥਿਤੀ ਦਾ ਹਵਾਲਾ ਦਿੱਤਾ, ਜਿਨ੍ਹਾਂ ਨੂੰ ‘ਵ੍ਹੀਲਚੇਅਰ’ ਅਨੁਕੂਲ ਘਰ ਦੀ ਲੋੜ ਸੀ। ਉਨ੍ਹਾਂ ਕਿਹਾ, ‘‘ਮੈਂ ਦਸੱਣਾ ਚਾਹੁੰਦਾ ਹਾਂ ਕਿ ਅਸੀਂ ਦੋ ਬੱਚਿਆਂ ਪ੍ਰਿਯੰਕਾ ਤੇ ਮਾਹੀ ਦੇ ਮਾਤਾ-ਪਿਤਾ ਹਾਂ। ਉਹ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹਨ ਅਤੇ ਉਨ੍ਹਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਹਨ। ਉਨ੍ਹਾਂ ਨੂੰ ‘ਨੇਮਾਲਾਈਨ ਮਾਇਓਪੈਥੀ’ ਨਾਮ ਦੀ ਇਕ ਬਿਮਾਰੀ ਹੈ...ਅਤੇ ਤੁਸੀਂ ਜਾਣਦੇ ਹੋ, ਇਹ ਇਕ ਬਹੁਤ ਹੀ ਦੁਰਲੱਭ ਜੈਨੇਟਿਕ ਵਿਕਾਰ ਹੈ ਜੋ ਹੱਡੀਆਂ ਨਾਲ ਜੁੜੀਆਂ ਮਾਸਪੇਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ।’’ ਉਨ੍ਹਾਂ ਕਿਹਾ, ‘‘ਹੁਣ ਇਹ ਸ਼ਾਇਦ ਕੁਝ ਦਿਨਾਂ ਦੀ ਗੱਲ ਹੈ, ਜਾਂ ਕੁਝ ਦਿਨਾਂ ਦੀ ਨਹੀਂ ਬਲਕਿ ਸ਼ਾਇਦ ਜ਼ਿਆਦਾ ਤੋਂ ਜ਼ਿਆਦਾ ਕੁਝ ਹਫ਼ਤਿਆਂ ਦੀ। ਜਿਵੇਂ ਹੀ ਉਹ ਮੈਨੂੰ ਦੱਸਣਗੇ ਕਿ ਘਰ ਰਹਿਣ ਵਾਸਤੇ ਤਿਆਰ ਹੈ, ਮੈਂ ਉੱਥੇ ਚਲਾ ਜਾਵਾਂਗਾ।’’