ਹਿਮਾਚਲ: ਬੱਸ ਖੱਡ ’ਚ ਡਿੱਗੀ, ਇੱਕ ਹਲਾਕ, 18 ਜ਼ਖ਼ਮੀ
ਮੰਡੀ/ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਮੰਡੀ-ਜਾਹੂ ਮਾਰਗ ’ਤੇ ਪੱਤਰੀਘਾਟ ਨੇੜੇ ਅੱਜ ਸਵੇਰੇ ਨਿੱਜੀ ਕੰਪਨੀ ਦੀ ਬੱਸ ਖੱਡ ਵਿੱਚ ਡਿੱਗਣ ਕਾਰਨ ਯਾਤਰੀ ਦੀ ਮੌਤ ਹੋ ਗਈ, ਜਦੋਂਕਿ 18 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਜਾਹੂ ਤੋਂ ਮੰਡੀ ਜਾ ਰਹੀ ਸੀ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਖਸਤਾ ਹਾਲ ਰਾਹ ’ਤੇ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮੰਡੀ ਵਾਸੀ ਰਾਜਵੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਨੇਰਚੌਕ ਦੇ ਸ੍ਰੀ ਲਾਲ ਬਹਾਦਰ ਸ਼ਾਸਤਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਬਾਕੀਆਂ ਦਾ ਰਵਾਲਸਰ ਕਸਬੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ। ਘਟਨਾ ਮਗਰੋਂ ਸਥਾਨਕ ਲੋਕਾਂ ਅਤੇ ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ, ਭਾਰੀ ਬਾਰਿਸ਼ ਕਾਰਨ ਰਾਹਤ ਕਾਰਜਾਂ ਵਿੱਚ ਵਿਘਨ ਪੈ ਰਿਹਾ ਹੈ। -ਪੀਟੀਆਈ