ਗੋਗੋਈ ਦੀ ਪਤਨੀ ਦੇ ਤਾਰ ਪਾਕਿਸਤਾਨ ਤੇ ਆਈਐੱਸਆਈ ਨਾਲ ਜੁੜੇ: ਭਾਜਪਾ
ਨਵੀਂ ਦਿੱਲੀ/ਗੁਹਾਟੀ, 12 ਫਰਵਰੀ
ਭਾਜਪਾ ਨੇ ਅੱਜ ਕਾਂਗਰਸੀ ਆਗੂ ਗੌਰਵ ਗੋਗੋਈ ਦੀ ਪਤਨੀ ਦੇ ਪਾਕਿਸਤਾਨ ਅਤੇ ਆਈਐੱਸਆਈ ਨਾਲ ਸਬੰਧ ਹੋਣ ਦਾ ਦੋਸ਼ ਲਾਇਆ। ਹਾਲਾਂਕਿ, ਲੋਕ ਸਭਾ ਵਿੱਚ ਵਿਰੋਧ ਧਿਰ ਦੇ ਉਪ ਨੇਤਾ ਨੇ ਇਨ੍ਹਾਂ ਦੋਸ਼ਾਂ ਨੂੰ ‘ਹਾਸੋਹੀਣਾ’ ਤੇ ‘ਮਨੋਰੰਜਕ’ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਗੋਗੋਈ ਨੇ ਪਲਟਵਾਰ ਕਰਦਿਆਂ ਕਿਹਾ ਕਿ ਭਾਜਪਾ ਕੋਲ ਚੁੱਕਣ ਲਈ ਕੋਈ ਮੁੱਦਾ ਨਾ ਹੋਣ ਕਾਰਨ ਉਹ ਅਜਿਹੇ ‘ਨਿਰਆਧਾਰ ਵਾਲੇ ਦੋਸ਼’ ਲਾ ਰਹੀ ਹੈ। ਕਾਂਗਰਸੀ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਭਾਜਪਾ ਨੇ ਪਿਛਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਇਸੇ ਤਰ੍ਹਾਂ ਦਾ ‘ਕੂੜ ਪ੍ਰਚਾਰ’ ਕੀਤਾ ਸੀ ਅਤੇ ਲੋਕਾਂ ਵੱਲੋਂ ਇਸ ਦਾ ਜਵਾਬ ਉਨ੍ਹਾਂ ਨੂੰ ਜੋਰਹਾਟ ਸੰਸਦੀ ਹਲਕੇ ਤੋਂ ਚੁਣ ਕੇ ਦਿੱਤਾ ਗਿਆ ਸੀ। ਗੋਗੋਈ ਦੀ ਇਹ ਪ੍ਰਤੀਕਿਰਿਆ ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆਂ ਦੇ ਉਨ੍ਹਾਂ ਦੋਸ਼ਾਂ ਮਗਰੋਂ ਆਈ ਹੈ ਜਿਸ ਵਿੱਚ ਉਨ੍ਹਾਂ ਕਿਹਾ, ‘‘ਕੌਮੀ ਸੁਰੱਖਿਆ ਨਾਲ ਜੁੜੇ ਕੁੱਝ ਗੰਭੀਰ ਤੱਥਾਂ ਦਾ ਪਤਾ ਚੱਲਿਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਗੌਰਵ ਗੋਗੋਈ ਦੀ ਪਤਨੀ ਐਲਿਜ਼ਾਬੈਥ ਕੌਲਬਰਨ ਦੇ ਪਾਕਿਸਤਾਨ ਯੋਜਨਾ ਕਮਿਸ਼ਨ ਦੇ ਸਲਾਹਕਾਰ ਅਲੀ ਤੌਕੀਰ ਸ਼ੇਖ ਅਤੇ ਆਈਐੱਸਆਈ ਨਾਲ ਸਬੰਧ ਸਾਹਮਣੇ ਆਏ ਹਨ।’’ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚਿੰਤਾਜਨਕ ਹੈ ਕਿਉਂਕਿ ਇਹ ਕੌਮੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਨੇ ਕਾਂਗਰਸ ਲੀਡਰਸ਼ਿਪ ਅਤੇ ਗੋਗੋਈ ਤੋਂ ਸਪਸ਼ਟੀਕਰਨ ਜਾਰੀ ਕਰਨ ਦੀ ਮੰਗ ਕੀਤੀ। -ਪੀਟੀਆਈ