ਆਈਸਕਰੀਮ ਖਾਂਦਿਆਂ ਐੱਫਟੀਏ ਨੂੰ ਦਿੱਤਾ ਸੀ ਅੰਤਿਮ ਰੂਪ: ਗੋਇਲ
ਲੰਡਨ, 19 ਜੂਨ
ਭਾਰਤ ਅਤੇ ਬਰਤਾਨੀਆ ਵਿਚਾਲੇ ਮੁਕਤ ਵਪਾਰ ਸਮਝੌਤੇ (ਐੱਫਟੀਏ) ਬਾਰੇ ਗੱਲਬਾਤ ਨੂੰ ਅੰਤਿਮ ਰੂਪ ਦਿੰਦੇ ਸਮੇਂ ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੂੰ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਜੋਨਾਥਨ ਰੇਅਨੌਲਡਜ਼ ਨੇ ਚਾਕਲੇਟ ਆਈਸਕਰੀਮ ਖੁਆਈ ਸੀ। ਦੋਹਾਂ ਆਗੂਆਂ ਵਿਚਾਲੇ ਪਿਛਲੇ ਮਹੀਨੇ ਲੰਡਨ ਦੇ ਹਾਈਡ ਪਾਰਕ ਵਿੱਚ ਸੈਰ ਕਰਦੇ ਸਮੇਂ ਇਸ ਇਤਿਹਾਸਕ ਸਮਝੌਤੇ ’ਤੇ ਸਹਿਮਤੀ ਬਣੀ ਸੀ।
‘ਇੰਡੀਆ ਗਲੋਬਲ ਫੋਰਮ (ਆਈਜੀਐੱਫ) ਯੂਕੇ-ਇੰਡੀਆ ਵੀਕ’ ਸਿਖ਼ਰ ਸੰਮੇਲਨ ਤੋਂ ਇਕ ਪਾਸੇ ਗੋਇਲ ਨੇ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਰੇਅਨੌਲਡਜ਼ ਨਾਲ ਹੋਈ ਗੱਲਬਾਤ ਤੇ ਉਨ੍ਹਾਂ ਦੇ ਆਈਸਕਰੀਮ ਖੁਆਉਣ ਦਾ ਜ਼ਿਕਰ ਕੀਤਾ ਅਤੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, ‘‘ਹੁਣ ਮੇਰੇ ਉੱਪਰ ਉਨ੍ਹਾਂ ਦਾ ਉਧਾਰ ਹੈ।’’ ਉਨ੍ਹਾਂ ਕਿਹਾ, ‘‘ਜਦੋਂ ਮੈਨੂੰ ਰੇਅਨੌਲਡਜ਼ ਦਾ ਸੁਨੇਹਾ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਮੈਨੂੰ 2 ਮਈ ਨੂੰ ਹਾਈਡ ਪਾਰਕ ਵਿੱਚ ਸੈਰ ਕਰਨ ਲਈ ਸੱਦਿਆ ਸੀ ਤਾਂ ਮੈਂ ਕਲਪਨਾ ਵੀ ਨਹੀਂ ਕੀਤੀ ਸੀ ਕਿ ਅਸੀਂ ਮੁਕਤ ਵਪਾਰ ਸਮਝੌਤੇ ਅਤੇ ਦੋਹਰੇ ਯੋਗਦਾਨ ਸੰਮੇਲਨ (ਡੀਸੀਸੀ) ਸਮਝੌਤੇ ਨੂੰ ਅੰਤਿਮ ਰੂਪ ਦੇਣ ਨਾਲ ਸਬੰਧਤ ਕੁਝ ਪੈਂਡਿੰਗ ਮੁੱਦਿਆਂ ’ਤੇ ਗੱਲ ਕਰਾਂਗੇ।’’
ਉਨ੍ਹਾਂ ਕਿਹਾ, ‘‘ਉੱਥੇ ਸੈਰ ਕਰਨ ਦੌਰਾਨ ਅਸੀਂ ਬਹੁਤ ਹੀ ਵਿਹਾਰਕ ਢੰਗ ਨਾਲ ਬਾਰੀਕੀਆਂ ਨੂੰ ਸੁਲਝਾਉਣ ਵਿੱਚ ਸਮਰੱਥ ਰਹੇ ਜੋ ਕਿ ਦੋਵੇਂ ਦੇਸ਼ਾਂ ਲਈ ਉਚਿਤ ਤੇ ਸੰਤੁਲਿਤ ਸੀ। ਇਸ ਨਾਲ ਦੋਹਾਂ ਦੇਸ਼ਾਂ ਦੇ ਕਾਰੋਬਾਰਾਂ ਅਤੇ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ।’’ ਦੋਹਾਂ ਦੇਸ਼ਾਂ ਨੇ 6 ਮਈ ਨੂੰ ਪੁਸ਼ਟੀ ਕੀਤੀ ਸੀ ਕਿ ਜਨਵਰੀ 2022 ਵਿੱਚ ਸ਼ੁਰੂ ਹੋਈ ਐੱਫਟੀਏ ਸਬੰਧੀ ਗੱਲਬਾਤ ਸਮਾਪਤ ਹੋ ਗਈ ਹੈ ਅਤੇ 2030 ਤੱਕ ਸਾਲਾਨਾ ਦੁਵੱਲਾ ਵਪਾਰ ਦੁੱਗਣਾ ਹੋ ਕੇ 120 ਅਰਬ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਆਸ ਹੈ। -ਪੀਟੀਆਈ