ਪੰਜਾਬ ’ਚ ਪਟਾਕਾ ਫੈਕਟਰੀ ਧਮਾਕਾ: ਐੱਨਜੀਟੀ ਵੱਲੋਂ ਸੀਪੀਸੀਬੀ ਕੋਲੋਂ ਜਵਾਬ ਤਲਬ
ਨਵੀਂ ਦਿੱਲੀ, 25 ਜੂਨ
ਕੌਮੀ ਗਰੀਨ ਟ੍ਰਿਬਿਊਨਲ ਨੇ ਪਿਛਲੇ ਮਹੀਨੇ ਪੰਜਾਬ ਦੇ ਪਿੰਡ ਵਿੱਚ ਗੈਰਕਾਨੂੰਨੀ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਦੇ ਸਬੰਧ ਵਿੱਚ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (ਸੀਪੀਸੀਬੀ) ਅਤੇ ਹੋਰਾਂ ਕੋਲੋਂ ਜਵਾਬ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਧਮਾਕੇ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ ਸੀ ਅਤੇ 29 ਹੋਰ ਜ਼ਖਮੀ ਹੋਏ ਸਨ। ਟ੍ਰਿਬਿਊਨਲ ਨੇ ਮਾਮਲੇ ਦੀ ਅਗਲੀ ਸੁਣਵਾਈ 4 ਅਗਸਤ ਪਾਉਂਦਿਆਂ ਕਿਹਾ, ‘‘ਉੱਤਰਦਾਤਾਵਾਂ ਨੂੰ ਆਪਣਾ ਦਾਅਵਾ/ਜਵਾਬ ਦਾਇਰ ਕਰਨ ਲਈ ਨੋਟਿਸ ਜਾਰੀ ਕੀਤਾ ਜਾਵੇ।’’
ਗਰੀਨ ਟ੍ਰਿਬਿਊਨਲ ਨੇ 30 ਮਈ ਨੂੰ ਸੂਬੇ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਿੰਘੇਵਾਲਾ ਪਿੰਡ ਵਿੱਚ ਅਣਅਧਿਕਾਰਤ ਪਟਾਕਾ ਯੂਨਿਟ ਵਿੱਚ ਹੋਈ ਘਟਨਾ ਬਾਰੇ ਇੱਕ ਖ਼ਬਰ ਦਾ ਖੁਦ ਨੋਟਿਸ ਲਿਆ ਸੀ। ਇਹ ਹੁਕਮ ਟ੍ਰਿਬਿਊਨਲ ਦੇ ਨਿਆਂਇਕ ਮੈਂਬਰ ਅਰੁਣ ਕੁਮਾਰ ਤਿਆਗੀ ਅਤੇ ਮਾਹਿਰ ਮੈਂਬਰ ਏ. ਸੈਂਥਿਲ ਵੇਲ ਦੇ ਬੈਂਚ ਨੇ ਜਾਰੀ ਕੀਤੇ ਸਨ।
ਬੈਂਚ ਨੇ ਲੰਘੀ 5 ਜੂਨ ਨੂੰ ਜਾਰੀ ਹੁਕਮਾਂ ਵਿੱਚ ਕਿਹਾ, ‘‘ਖ਼ਬਰਾਂ ਅਨੁਸਾਰ, ਇਹ ਦੋਸ਼ ਲਗਾਇਆ ਗਿਆ ਹੈ ਕਿ ਫੈਕਟਰੀ ਮਾਲਕ ਬਿਨਾ ਇਜਾਜ਼ਤ ਤੋਂ ਵੱਡੀ ਮਾਤਰਾ ਵਿੱਚ ਧਮਾਕਾਖੇਜ਼ ਅਤੇ ਪਟਾਕੇ ਬਣਾਉਣ ਵਿੱਚ ਵਰਤੀ ਜਾਂਦੀ ਹੋਰ ਸਮੱਗਰੀ ਖਰੀਦਣ ਵਿੱਚ ਸਫ਼ਲ ਰਿਹਾ ਅਤੇ ਧਮਾਕੇ ਤੋਂ 10 ਘੰਟੇ ਬਾਅਦ ਵੀ ਮਲਬੇ ਵਿੱਚੋਂ ਪੋਟਾਸ਼ ਦੀ ਬਦਬੂ ਆ ਰਹੀ ਸੀ।’’ ਬੈਂਚ ਨੇ ਕਿਹਾ ਕਿ ਇਸ ਘਟਨਾ ਵਿੱਚ ਜਨਤਕ ਦੇਣਦਾਰੀ ਬੀਮਾ ਐਕਟ, ਵਾਤਾਵਰਨ (ਸੁਰੱਖਿਆ) ਐਕਟ, ਖਤਰਨਾਕ ਰਸਾਇਣ ਨਿਯਮਾਂ ਦੇ ਉਤਪਾਦਨ, ਸਟੋਰੇਜ ਅਤੇ ਬਰਾਮਦ, ਰਸਾਇਣ ਹਾਦਸੇ (ਐਮਰਜੈਂਸੀ ਯੋਜਨਾਬੰਦੀ, ਤਿਆਰੀ ਅਤੇ ਪ੍ਰਤੀਕਿਰਿਆ) ਨਿਯਮ, ਧਮਾਕਾਖੇਜ਼ ਐਕਟ, ਧਮਾਕਾਖੇਜ਼ ਪਦਾਰਥ ਐਕਟ ਅਤੇ ਧਮਾਕਾਖੇਜ਼ ਨਿਯਮਾਂ ਤਹਿਤ ਕਾਰਵਾਈ ਕਰਨੀ ਬਣਦੀ ਹੈ।
ਅੱਜ ਮਾਮਲੇ ਦੀ ਸੁਣਵਾਈ ਦੌਰਾਨ ਟ੍ਰਿਬਿਊਨਲ ਨੇ ਸੀਪੀਸੀਬੀ, ਪੰਜਾਬ ਰਾਜ ਪ੍ਰਦੂਸ਼ਣ ਰੋਕਥਾਮ ਬੋਰਡ, ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਵਾਤਾਵਰਨ ਤਬਦੀਲੀ ਮੰਤਰਾਲੇ ਦੇ ਚੰਡੀਗੜ੍ਹ ਸਥਿਤ ਖੇਤਰੀ ਦਫ਼ਤਰ ਅਤੇ ਸਬੰਧਤ ਜ਼ਿਲ੍ਹਾ ਮੈਜਿਸਟਰੇਟ ਜਾਂ ਡਿਪਟੀ ਕਮਿਸ਼ਨਰ ਨੂੰ ਧਿਰਾਂ ਜਾਂ ਪ੍ਰਤੀਵਾਦੀ ਵਜੋਂ ਮਾਮਲੇ ਵਿੱਚ ਸ਼ਾਮਲ ਕੀਤਾ ਹੈ । -ਪੀਟੀਆਈ