ਵੋਟਰ ਸੂਚੀ ਦੀ ਸੁਧਾਈ ਬਾਰੇ ਕਵਾਇਦ ਸਭ ਦੇ ਹਿੱਤ ’ਚ: ਚੋਣ ਕਮਿਸ਼ਨ
ਨਵੀਂ ਦਿੱਲੀ, 8 ਜੁਲਾਈ
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਬਿਹਾਰ ਦੀ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਆਲੋਚਨਾ ਕੀਤੇ ਜਾਣ ਦਰਮਿਆਨ ਅੱਜ ਕਿਹਾ ਕਿ ਇਹ ਪ੍ਰਕਿਰਿਆ ਸਭ ਦੇ ਹਿੱਤ ਵਿੱਚ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਨਾਲ ਕਰੋੜਾਂ ਵੋਟਰ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝੇ ਕੀਤੇ ਜਾ ਸਕਦੇ ਹਨ।
ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੜ ਸੁਧਾਈ ਦੀ ਕਵਾਇਦ ਸਮੂਹਿਕ ਹਿੱਤ ਵਿੱਚ ਹੈ ਕਿਉਂਕਿ ਇਹ ਬਿਹਾਰ ਦੇ ਮੌਜੂਦਾ 7,89,69,844 ਵੋਟਰਾਂ ਤੱਕ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਵੋਟਰ ਦਾ ਨਾਂ, ਪਤਾ, ਪੁਰਾਣੀ ਫੋਟੋ ਜਿਹੇ ਵੇਰਵਿਆਂ ਨਾਲ ਪਹਿਲਾਂ ਤੋਂ ਭਰੇ ਗਣਨਾ ਫਾਰਮ ਹਰ ਮੌਜੂਦਾ ਵੋਟਰ ਨੂੰ ਮੁਹੱਈਆ ਕਰਵਾਏ ਜਾਂਦੇ ਹਨ। ਪਹਿਲਾਂ ਤੋਂ ਭਰੇ ਹੋਏ ਗਣਨਾ ਫਾਰਮ 7.69 ਕਰੋੜ ਜਾਂ 97.42 ਫੀਸਦ ਵੋਟਰਾਂ ਨੂੰ ਵੰਡੇ ਗਏ ਹਨ। -ਪੀਟੀਆਈ
ਹਰ ਚੋਣ ਤੋਂ ਪਹਿਲਾਂ ਵੋਟਰ ਸੂਚੀ ’ਚ ਸੋਧ ਬਾਰੇ ਪਟੀਸ਼ਨ ਦਾਇਰ
ਨਵੀਂ ਦਿੱਲੀ: ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘੀ ਮੁੜ ਸੁਧਾਈ ਖਾਸ ਤੌਰ ’ਤੇ ਸੰਸਦੀ, ਸੂਬਾਈ ਵਿਧਾਨ ਸਭਾ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਪਹਿਲਾਂ, ਬਾਰੇ ਨਿਰਦੇਸ਼ ਜਾਰੀ ਕੀਤੇ ਜਾਣ। ਜਸਟਿਸ ਸੁਧਾਂਸ਼ੂ ਧੂਲੀਆ ਤੇ ਜਸਟਿਸ ਜੌਇਮਾਲਿਆ ਬਾਗਚੀ ਦੇ ਬੈਂਚ ਨੇ ਅੱਜ ਪਟੀਸ਼ਨਰ ਅਸ਼ਵਨੀ ਉਪਾਧਿਆਏ ਨੂੰ ਕਿਹਾ ਕਿ ਮਾਮਲੇ ਨੂੰ ਸੁਣਵਾਈ ਲਈ ਸੂਚੀਬੱਧ ਕਰਨ ਤੋਂ ਪਹਿਲਾਂ ਪ੍ਰਕਿਰਿਆ ਆਧਾਰਿਤ ਖਾਮੀਆਂ ਦੂਰ ਕੀਤੀਆਂ ਜਾਣ। -ਪੀਟੀਆਈ