ਡਿਜੀਟਲ ਇੰਡੀਆ ਨੇ ਅਮੀਰਾਂ ਅਤੇ ਗਰੀਬਾਂ ਵਿਚਕਾਰਲੇ ਪਾੜੇ ਨੂੰ ਮਿਟਾਇਆ: ਮੋਦੀ
ਨਵੀਂ ਦਿੱਲੀ, 1 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਇੱਕ ਦਹਾਕਾ ਪਹਿਲਾਂ ਸ਼ੁਰੂ ਕੀਤੀ ਗਈ ਡਿਜੀਟਲ ਇੰਡੀਆ ਪਹਿਲਕਦਮੀ ਨੇ ਅਮੀਰ ਅਤੇ ਗਰੀਬਾਂ ਵਿਚਕਾਰ ਡਿਜੀਟਲ ਪਾੜੇ ਨੂੰ ਪੂਰਾ ਕੀਤਾ ਹੈ ਅਤੇ ਇਸ ਗੱਲ ਜ਼ੋਰ ਦਿੱਤਾ ਕਿ ਇਹ ਇੱਕ ਜਨ ਅੰਦੋਲਨ ਬਣ ਗਿਆ ਹੈ।
ਲਿੰਕਡਇਨ ’ਤੇ ਇੱਕ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਦਹਾਕਿਆਂ ਤੱਕ ਭਾਰਤੀਆਂ ਦੀ ਤਕਨਾਲੋਜੀ ਦੀ ਵਰਤੋਂ ਕਰਨ ਦੀ ਸਮਰੱਥਾ ’ਤੇ ਸ਼ੱਕ ਕੀਤਾ ਜਾਂਦਾ ਰਿਹਾ, ਤਾਂ ਉਨ੍ਹਾਂ ਦੀ ਸਰਕਾਰ ਨੇ ਇਸ ਪਹੁੰਚ ਨੂੰ ਬਦਲਿਆ ਅਤੇ ਨਾਗਰਿਕਾਂ ਦੀ ਤਕਨਾਲੋਜੀ ਦੀ ਵਰਤੋਂ ਕਰਨ ਦੀ ਸਮਰੱਥਾ ’ਤੇ ਭਰੋਸਾ ਕੀਤਾ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਮੀਰਾਂ ਅਤੇ ਗਰੀਬਾਂ ਵਿਚਕਾਰ ਪਾੜੇ ਨੂੰ ਖਤਮ ਕਰਨ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਹੈ।
ਉਨ੍ਹਾਂ ਕਿਹਾ, "ਜਦੋਂ ਇਰਾਦਾ ਸਹੀ ਹੁੰਦਾ ਹੈ, ਤਾਂ ਨਵੀਨਤਾ ਘੱਟ ਸ਼ਕਤੀਸ਼ਾਲੀ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਜਦੋਂ ਪਹੁੰਚ ਸਮਾਵੇਸ਼ੀ ਹੁੰਦੀ ਹੈ, ਤਾਂ ਤਕਨਾਲੋਜੀ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਂਦੀ ਹੈ। ਇਸੇ ਵਿਸ਼ਵਾਸ ਨੇ ਡਿਜੀਟਲ ਇੰਡੀਆ ਦੀ ਨੀਂਹ ਰੱਖੀ।’’
ਸ੍ਰੀ ਮੋਦੀ ਨੇ ਕਿਹਾ ਕਿ 2014 ਵਿੱਚ ਭਾਰਤ ਵਿੱਚ ਲਗਭਗ 25 ਕਰੋੜ ਇੰਟਰਨੈਟ ਕਨੈਕਸ਼ਨ ਸਨ। ਅੱਜ, ਇਹ ਅੰਕੜਾ 97 ਕਰੋੜ ਤੋਂ ਵੱਧ ਹੋ ਗਿਆ ਹੈ, ਜਿਸ ਵਿੱਚ 42 ਲੱਖ ਕਿਲੋਮੀਟਰ ਤੋਂ ਵੱਧ ਆਪਟੀਕਲ ਫਾਈਬਰ ਕੇਬਲ ਹੁਣ ਸਭ ਤੋਂ ਦੂਰ-ਦੁਰਾਡੇ ਦੇ ਪਿੰਡਾਂ ਨੂੰ ਵੀ ਜੋੜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ 5G ਰੋਲਆਊਟ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਹੋਇਆ ਹੈ। -ਪੀਟੀਆਈ