ਅਦਾਲਤ ਨੇ ਘਰੇਲੂ ਹਿੰਸਾ ਪੀੜਤਾ ਦੇ ਮੁਆਵਜ਼ੇ ਨੂੰ 5 ਲੱਖ ਤੋਂ ਵਧਾ ਕੇ 1 ਕਰੋੜ ਕੀਤਾ
ਮੁੰਬਈ, 6 ਜੂਨ
ਇੱਥੋਂ ਦੀ ਇੱਕ ਸੈਸ਼ਨ ਅਦਾਲਤ ਨੇ ਘਰੇਲੂ ਹਿੰਸਾ ਦੇ ਇੱਕ ਮਾਮਲੇ ਵਿੱਚ ਇੱਕ ਮਹਿਲਾ ਨੂੰ ਦਿੱਤੇ ਗਏ ਮੁਆਵਜ਼ੇ ਨੂੰ 5 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤਾ ਹੈ। ਅਦਾਲਤ ਨੇ ਨੋਟਿਸ ਕੀਤਾ ਕਿ ਔਰਤ ਦਾ ਪਤੀ, ਜੋ ਇੱਕ ਲਿਫਟ ਕੰਪਨੀ ਚਲਾਉਂਦਾ ਹੈ, ਅਤੇ ਉਸਦਾ ਪਰਿਵਾਰ ਕਰੋੜਪਤੀ ਹੈ। ਮੁਆਵਜ਼ੇ ਤੋਂ ਇਲਾਵਾ ਅਦਾਲਤ ਨੇ ਔਰਤ ਅਤੇ ਉਸਦੀ ਧੀ ਨੂੰ ਦਿੱਤਾ ਜਾਣ ਵਾਲਾ ਮਹੀਨਾਵਾਰ ਗੁਜ਼ਾਰਾ ਭੱਤਾ ਵੀ 1 ਲੱਖ ਰੁਪਏ ਤੋਂ ਵਧਾ ਕੇ 1.5 ਲੱਖ ਰੁਪਏ ਕਰ ਦਿੱਤਾ।
ਇਸ ਦੌਰਾਨ ਅਦਾਲਤ ਨੇ ਮੰਨਿਆ ਕਿ ਸ਼ਿਕਾਇਤਕਰਤਾ ਨੂੰ ਆਪਣੇ ਪਤੀ ਨਾਲ ਰਹਿੰਦੇ ਹੋਏ ਸਰੀਰਕ ਅਤੇ ਮਾਨਸਿਕ ਤਸੀਹੇ ਝੱਲਣੇ ਪਏ ਅਤੇ ਕਿਹਾ, “ਇਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ”। ਪਿਛਲੇ ਮਹੀਨੇ ਦਿੱਤੇ ਗਏ ਆਪਣੇ ਹੁਕਮ ਵਿੱਚ ਵਧੀਕ ਸੈਸ਼ਨ ਜੱਜ ਐੱਸਜੇ ਅੰਸਾਰੀ ਨੇ ਫੈਸਲਾ ਸੁਣਾਇਆ ਕਿ ਮੈਜਿਸਟ੍ਰੇਟ ਵੱਲੋਂ ਦਿੱਤਾ ਗਿਆ 5 ਲੱਖ ਰੁਪਏ ਦਾ ਸ਼ੁਰੂਆਤੀ ਮੁਆਵਜ਼ਾ ਮਾਮੂਲੀ ਸੀ, ਕਿਉਂਕਿ ਔਰਤ ਨੇ 20 ਸਾਲਾਂ ਤੱਕ ਤਸ਼ੱਦਦ ਅਤੇ ਬੇਇੱਜ਼ਤੀ ਸਹਿਣ ਕੀਤੀ।
41 ਸਾਲਾ ਪੀੜਤ ਮਹਿਲਾ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ ਦੇ ਤਹਿਤ ਮੈਜਿਸਟ੍ਰੇਟ ਵੱਲੋਂ ਫਰਵਰੀ 2020 ਵਿੱਚ ਪਾਸ ਕੀਤੇ ਗਏ ਮੁਆਵਜ਼ੇ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਉਸ ਨੇ ਦਸੰਬਰ 1997 ਵਿੱਚ ਵਿਆਹ ਤੋਂ ਬਾਅਦ ਪਤੀ ਅਤੇ ਸਹੁਰਿਆਂ ਵੱਲੋਂ ਸਰੀਰਕ, ਭਾਵਨਾਤਮਕ ਅਤੇ ਆਰਥਿਕ ਸ਼ੋਸ਼ਣ ਦਾ ਇੱਕ ਲੰਮਾ ਇਤਿਹਾਸ ਹੋਣ ਦਾ ਦੋਸ਼ ਲਗਾਇਆ। ਸੈਸ਼ਨ ਅਦਾਲਤ ਨੇ ਨੋਟ ਕੀਤਾ ਕਿ ਔਰਤ ਨੂੰ ਵਿਆਹ ਦੇ ਲਗਭਗ 20 ਸਾਲਾਂ ਸਮੇਂ ਵਿੱਚ ਕੁੱਟਮਾਰ, ਗੰਭੀਰ ਹਮਲੇ, ਤਾਅਨੇ ਅਤੇ ਇੱਥੋਂ ਤੱਕ ਕਿ ਵਿੱਤੀ ਤੰਗੀ ਸਹਿਣ ਤੋਂ ਬਾਅਦ ਆਖਰੀ ਉਪਾਅ ਵਜੋਂ ਗੁਜ਼ਾਰਾ ਭੱਤਾ ਲਈ ਕਾਨੂੰਨੀ ਮਦਦ ਲੈਣ ਲਈ ਮਜਬੂਰ ਕੀਤਾ ਗਿਆ ਸੀ।
ਅਦਾਲਤ ਨੇ ਕਿਹਾ ਕਿ ਔਰਤ ਵੱਲੋਂ ਆਪਣੇ ਪਤੀ ਨਾਲ ਰਹਿੰਦਿਆਂ ਸਹਿਣ ਕੀਤੇ ਗਏ ਸਰੀਰਕ ਅਤੇ ਮਾਨਸਿਕ ਤਸੀਹਿਆਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸੈਸ਼ਨ ਜੱਜ ਨੇ ਇਹ ਵੀ ਨੋਟ ਕੀਤਾ ਕਿ ਮੈਜਿਸਟਰੇਟ ਨੇ ਪੀੜਤ ਔਰਤ ਨੂੰ 5 ਲੱਖ ਰੁਪਏ ਦਿੱਤੇ ਸਨ। ਹੁਕਮ ਦੇ ਅਨੁਸਾਰ ਜਦੋਂ ਕਿ ਔਰਤ ਨੇ ਰਕਮ ਨੂੰ ਬਹੁਤ ਘੱਟ ਦੱਸਿਆ, ਉਸਦੇ ਪਤੀ ਨੇ ਦਲੀਲ ਦਿੱਤੀ ਕਿ ਉਹ ਮੁਆਵਜ਼ੇ ਵਜੋਂ ਕਿਸੇ ਵੀ ਪੈਸੇ ਦੀ ਹੱਕਦਾਰ ਨਹੀਂ ਹੈ।
ਹਾਲਾਂਕਿ, ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਉਸ ਦੇ ਪਤੀ ਵੱਲੋਂ ਘਰੇਲੂ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਪਤੀ ਅਤੇ ਉਸਦੇ ਪਿਤਾ ਕੋਲ 2012 ਵਿੱਚ 1 ਕਰੋੜ ਰੁਪਏ ਤੋਂ ਵੱਧ ਦੀ ਜ਼ਮੀਨ ਦੇ ਨਾਲ-ਨਾਲ ਫਲੈਟ ਖਰੀਦਣ ਦੀ ਵਿੱਤੀ ਸਮਰੱਥਾ ਸੀ। ਅਦਾਲਤ ਨੇ ਕਿਹਾ ਕਿ ਵਿਅਕਤੀ ਆਪਣੀ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਇਹ ਸਾਬਿਤ ਨਹੀਂ ਕਰ ਸਕਿਆ ਕਿ ਉਸ ਦੀ ਵਿੱਤੀ ਸਥਿਤੀ ਚੰਗੀ ਨਹੀਂ ਸੀ।
ਇਹ ਨੋਟ ਕੀਤਾ ਕਿ ਉਹ ਬਹੁਤ ਅਮੀਰ ਹੈ ਅਤੇ ਮੈਜਿਸਟ੍ਰੇਟ ਵੱਲੋਂ ਦਿੱਤਾ ਗਿਆ 5 ਲੱਖ ਰੁਪਏ ਦਾ ਮੁਆਵਜ਼ਾ ਬਹੁਤ ਮਾਮੂਲੀ ਰਕਮ ਹੈ। ਅਦਾਲਤ ਨੇ ਫੈਸਲਾ ਸੁਣਾਇਆ, "ਇਸ ਵਿੱਚ ਬਹੁਤ ਜ਼ਿਆਦਾ ਵਾਧਾ ਕਰਨ ਦੀ ਲੋੜ ਹੈ ਤਾਂ ਜੋ ਸ਼ਿਕਾਇਤਕਰਤਾ ਨੂੰ 20 ਸਾਲਾਂ ਦੇ ਤਸ਼ੱਦਦ, ਅਪਮਾਨ, ਆਰਥਿਕ ਸ਼ੋਸ਼ਣ, ਤਾਅਨੇ-ਮਿਹਣਿਆਂ ਆਦਿ ਲਈ ਮੁਆਵਜ਼ਾ ਦਿੱਤਾ ਜਾ ਸਕੇ।’’
ਅਦਾਲਤ ਨੇ ਕਿਹਾ ਕਿ ਔਰਤ ਨੂੰ ਹੁਣ ਆਪਣੇ ਦੋ ਪੁੱਤਰਾਂ ਤੋਂ ਦੂਰ ਹੋਣ ਦਾ ਵੀ ਦੁੱਖ ਝੱਲਣਾ ਪੈ ਰਿਹਾ ਹੈ। ਜੱਜ ਨੇ ਕਿਹਾ ਕਿ ਪਤੀ ਨੇ ਪੁੱਤਰਾਂ ਨੂੰ ਉਨ੍ਹਾਂ ਦੀ ਮਾਂ ਦੇ ਵਿਰੁੱਧ ਪ੍ਰਭਾਵਿਤ ਕੀਤਾ ਹੈ ਇਹ ਵੀ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਰੇ ਪਹਿਲੂਆਂ ’ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਔਰਤ ਅਤੇ ਉਸਦੀ ਧੀ ਨੂੰ ਦਿੱਤੇ ਗਏ ਮੁਆਵਜ਼ੇ ਦੇ ਨਾਲ-ਨਾਲ ਗੁਜ਼ਾਰਾ ਭੱਤਾ ਵੀ ਵਧਾ ਦਿੱਤਾ। -ਪੀਟੀਆਈ