ਕੰਨੜ ਪੱਖੀ ਸੰਗਠਨ ਵੱਲੋਂ ਅਦਾਕਾਰ ਕਮਲ ਹਾਸਨ ਖ਼ਿਲਾਫ਼ ਸ਼ਿਕਾਇਤ
ਬੰਗਲੂਰੂ, 28 ਮਈ
ਕੰਨੜ ਪੱਖੀ ਸੰਗਠਨ ਕਰਨਾਟਕ ਰਕਸ਼ਾਨਾ ਵੈਦਿਕੇ (ਕੇਆਰਵੀ) ਨੇ ਅਦਾਕਾਰ ਕਮਲ ਹਾਸਨ ਵੱਲੋਂ ਚੇਨੱਈ ’ਚ ਹਾਲ ਹੀ ’ਚ ਕੰਨੜ ਭਾਸ਼ਾ ਸਬੰਧੀ ਕੀਤੀ ਟਿੱਪਣੀ ਨੂੰ ਲੈ ਕੇ ਉਸ ਖ਼ਿਲਾਫ਼ ਬੰਗਲੂਰੂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕਮਲ ਹਾਸਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਠੱਗ ਲਾਈਫ਼’ ਦੇ ਆਡੀਓ ਲਾਂਚ ਦੌਰਾਨ ‘‘ਕੰਨੜ (ਭਾਸ਼ਾ) ਦਾ ਜਨਮ ਤਾਮਿਲ (ਭਾਸ਼ਾ) ਵਿਚੋਂ ਹੋਣ’’ ਦਾ ਦਾਅਵਾ ਕੀਤਾ ਸੀ। ਸ਼ਿਕਾਇਤ ਵਿੱਚ ਕੇਆਰਵੀ ਨੇ ਦੋਸ਼ ਲਾਇਆ ਕਿ ਅਦਾਕਾਰ ਦੇ ‘ਵਿਵਾਦਤ ਬਿਆਨ’ ਨੇ ਸਿਰਫ਼ ਕੰਨੜ ਭਾਸ਼ੀਆਂ ਦੀਆਂ ਭਾਵਨਾਵਾਂ ਨੂੰ ਠੇਸ ਹੀ ਨਹੀਂ ਪਹੁੰਚਾਈ ਬਲਕਿ ਇਸ ਨੇ ਕੰਨੜਾਂ ਤੇ ਤਾਮਿਲਾਂ ਵਿਚਾਲੇ ਨਫ਼ਰਤ ਦਾ ਬੀਜ ਬੀਜਿਆ ਹੈ ਅਤੇ ਕੰਨੜਾਂ ਦੀ ਤੌਹੀਨ ਕੀਤੀ ਹੈ। ਸ਼ਿਕਾਇਤ ਮੁਤਾਬਕ, ‘‘ਹਰ ਵਾਰ ਜਦੋਂ ਇੱਕ ਨਵੀਂ ਤਾਮਿਲ ਫ਼ਿਲਮ ਰਿਲੀਜ਼ ਹੁੰਦੀ ਹੈ, ਉਹ ਕੰਨੜ ਭਾਸ਼ੀਆਂ ਦੇ ਆਤਮ-ਸਨਮਾਨ ਨੂੰ ਠੇਸ ਪਹੁੰਚਾਉਂਦੇ ਹਨ। ਅਜਿਹੇ ਬਿਆਨ ਲਗਾਤਾਰ ਦਿੱਤੇ ਗਏ ਹਨ, ਜਿਨ੍ਹਾਂ ਕਾਰਨ ਕੰਨੜਾਂ ਤੇ ਤਾਮਿਲਾਂ ਵਿਚਾਲੇ ਅਮਨ ਤੇ ਸ਼ਾਂਤੀ ’ਚ ਵਿਘਨ ਪਿਆ ਹੈ।’’ ਇਸ ਦੌਰਾਨ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਸਾਨੂੰ ਸ਼ਿਕਾਇਤ ਮਿਲੀ ਹੈ ਪਰ ਹਾਲੇ ਤੱਕ ਐੱਫਆਈਆਰ ਦਰਜ ਨਹੀਂ ਕੀਤੀ ਗਈ। ਅਸੀਂ ਕਾਨੂੰਨੀ ਰਾਇ ਲੈ ਰਹੇ ਹਾਂ ਅਤੇ ਮਾਮਲੇ ’ਚ ਉਸ ਮੁਤਾਬਕ ਕਾਰਵਾਈ ਕਰਾਂਗੇ।’’ ਅਦਾਕਾਰ ਦੀਆਂ ਟਿੱਪਣੀਆਂ ਨੂੰ ਲੈ ਕੇ ਕੰਨੜ ਪੱਖੀ ਸੰਗਠਨਾਂ ਨੇ ਕਮਲ ਹਸਨ ਖ਼ਿਲਾਫ਼ ਬੇਲਗਾਵੀ, ਮੈਸੂਰ, ਹੁਬਲੀ ਤੇ ਬੰਗਲੂਰੂ ਸਣੇ ਕਈ ਹੋਰ ਥਾਵਾਂ ’ਤੇ ਪ੍ਰਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਅਦਾਕਾਰ ਨੂੰ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। -ਪੀਟੀਆਈ