ਛੱਤੀਸਗੜ੍ਹ: ਪੁਲੀਸ ਮੁਕਾਬਲੇ ਵਿੱਚ ਦੋ ਮਹਿਲਾ ਨਕਸਲੀ ਢੇਰ
ਨਾਰਾਇਣਪੁਰ (ਛੱਤੀਸਗੜ੍ਹ), 26 ਜੂਨ
ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਕਰਮਚਾਰੀਆਂ ਨਾਲ ਹੋਏ ਮੁਕਾਬਲੇ ਵਿੱਚ ਦੋ ਮਹਿਲਾ ਨਕਸਲੀ ਢੇਰ ਕੀਤੀਆਂ ਗਈਆਂ ਹਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਨੂੰ ਅਭੁਜਮਾਦ ਖੇਤਰ ਦੇ ਕੋਹਕਾਮੇਟਾ ਪੁਲੀਸ ਸਟੇਸ਼ਨ ਦੀ ਹੱਦ ਅਧੀਨ ਜੰਗਲ ਵਿੱਚ ਗੋਲੀਬਾਰੀ ਹੋਈ, ਜਦੋਂ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਅਤੇ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ ’ਤੇ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਨਰਾਇਣਪੁਰ ਅਤੇ ਕੋਂਡਾਗਾਓਂ ਜ਼ਿਲ੍ਹਿਆਂ ਨਾਲ ਸਬੰਧਤ ਡੀ.ਆਰ.ਜੀ. ਦੇ ਜਵਾਨ ਮਾਓਵਾਦੀਆਂ ਦੇ ਮਾਡ ਡਿਵੀਜ਼ਨ ਦੇ ਸੀਨੀਅਰ ਕੈਡਰਾਂ ਦੀ ਮੌਜੂਦਗੀ ਬਾਰੇ ਜਾਣਕਾਰੀ ਦੇ ਆਧਾਰ ’ਤੇ ਸ਼ੁਰੂ ਕੀਤੇ ਗਏ ਅਪਰੇਸ਼ਨ ਵਿੱਚ ਸ਼ਾਮਲ ਸਨ। ਅਧਿਕਾਰੀ ਨੇ ਕਿਹਾ, ‘‘ਹੁਣ ਤੱਕ, ਦੋ ਮਹਿਲਾ ਨਕਸਲੀਆਂ ਦੀਆਂ ਲਾਸ਼ਾਂ ਇੱਕ ਇੰਸਾਸ ਰਾਈਫਲ ਅਤੇ ਇੱਕ .315 ਬੋਰ ਰਾਈਫਲ ਦੇ ਨਾਲ ਮੌਕੇ ਤੋਂ ਬਰਾਮਦ ਕੀਤੀਆਂ ਗਈਆਂ ਹਨ।’’ ਉਨ੍ਹਾਂ ਅੱਗੇ ਕਿਹਾ ਕਿ ਕਾਰਵਾਈ ਅਜੇ ਵੀ ਜਾਰੀ ਹੈ।-ਪੀਟੀਆਈ