ਛੱਤੀਸਗੜ੍ਹ ’ਚ ਸੀਆਰਪੀਐੱਫ ਕੈਂਪਾਂ ’ਤੇ ਹਮਲਿਆਂ ਸਬੰਧੀ 17 ਖ਼ਿਲਾਫ਼ ਦੋਸ਼ ਪੱਤਰ ਦਾਇਰ
ਨਵੀਂ ਦਿੱਲੀ, 14 ਜੂਨ
ਕੌਮੀ ਜਾਂਚ ਬਿਊਰੋ ਨੇ ਛੱਤੀਸਗੜ੍ਹ ’ਚ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਅਤਿਵਾਦੀਆਂ ਵੱਲੋਂ 2024 ’ਚ ਸੀਆਰਪੀਐੱਫ ਦੇ ਕੈਂਪਾਂ ’ਤੇ ਹਮਲੇ ਕਰਨ ਦੇ ਕੇਸਾਂ ’ਚ 16 ਭਗੌੜਿਆਂ ਸਣੇ 17 ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ ਗਈ ਹੈ ਉਨ੍ਹਾਂ ਵਿਚੋਂ ਇੱਕ ਗ੍ਰਿਫ਼ਤਾਰ ਹੈ, ਜਿਸ ਦੀ ਪਛਾਣ ਸੋਦੀ ਬਾਮਨ ਉਰਫ਼ ਦੇਵਲ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਫਰਾਰ ਮੁਲਜ਼ਮਾਂ ’ਚ ਸੀਪੀਆਈ (ਮਾਓਵਾਦੀ) ਦੀ ਕੇਂਦਰੀ ਕਮੇਟੀ ਤੇ ਵਿਸ਼ੇਸ਼ ਜ਼ੋਨਲ/ਸੂਬਾ ਕਮੇਟੀ ਦੇ ਦੋ-ਦੋ ਮੈਂਬਰ ਤੇ ਪੀਪਲਜ਼ ਲਿਬਲਰਸ਼ਨ ਗੁਰਿੱਲਾ ਆਰਮੀ (ਪੀਐੱਲਜੀਏ) ਬਟਾਲੀਅਨ ਨੰਬਰ-1 ਤਿਲੰਗਾਨਾ ਸੂਬਾ ਕਮੇਟੀ ਤੇ ਸੀਪੀਆਈ (ਮਾਓਵਾਦੀ) ਦੀ ਪਾਮੇੜ ਏਰੀਆ ਕਮੇਟੀ ਦੇ ਹੋਰ ਉੱਚ ਕਾਡਰ ਸ਼ਾਮਲ ਹਨ। ਦੱਸਣਯੋਗ ਹੈ ਕਿ ਪੀਐੱਲਜੀਏ, ਸੀਪੀਆਈ (ਮਾਓਵਾਦੀ) ਦਾ ਹਥਿਆਰਬੰਦ ਵਿੰਗ ਹੈ।
ਬਿਆਨ ’ਚ ਕਿਹਾ ਗਿਆ ਕਿ ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੇ ਜਗਦਲਪੁਰ ’ਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ਸਾਹਮਣੇ ਦਾਇਰ ਦੋਸ਼ ਪੱਤਰ ’ਚ ਸਾਰੇ ਮੁਲਜ਼ਮਾਂ ’ਤੇ ਆਈਪੀਸੀ, ਅਸਲਾ ਐਕਟ, ਵਿਸਫੋਟਕ ਸਮੱਗਰੀ ਕਾਨੂੰਨ ਤੇ ਗ਼ੈਰਕਾਨੂੰਨੀ ਸਰਗਰਮੀਆਂ (ਰੋਕੂ) ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਾਏ ਗਏ ਹਨ। ਇਹ ਕੇਸ 16 ਜਨਵਰੀ 2024 ਨੂੰ ਬੀਜਾਪੁਰ ਜ਼ਿਲ੍ਹੇ ਦੇ ਧਰਮਵਰਮ ’ਚ ਸੀਆਰਪੀਐੱਫ ਦੇ ਨਵੇਂ ਕੈਂਪ ਤੇ ਚਿੰਤਾਵਾਗੂ ਅਤੇ ਪਾਮੇੜ ’ਚ ਦੋ ਨਾਲ ਲੱਗਦੇ ਸੀਆਰਪੀਐੱਫ/ਕੋਬਰਾ ਕੈਂਪਾਂ ’ਤੇ ਹੋਏ ਹਮਲਿਆਂ ਨਾਲ ਸਬੰਧਤ ਹਨ। ਸੰਘੀ ਏਜੰਸੀ ਨੇ ਕਿਹਾ ਕਿ ਜਾਂਚ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਜਮਹੂਰੀ ਤੌਰ ’ਤੇ ਚੁਣੀ ਹੋਈ ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਦੀ ਅਪਰਾਧਕ ਸਾਜ਼ਿਸ਼ ਤਹਿਤ ਨੌਜਵਾਨਾਂ ਨੂੰ ਭਰਤੀ ਕਰਨ ’ਚ ਸ਼ਾਮਲ ਸਨ। -ਪੀਟੀਆਈ