ਨਵੀਂ ਦਿੱਲੀ, 11 ਸਤੰਬਰ
ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਮਨੋਜ ਝਾਅ ਨੇ ਕਿਹਾ ਹੈ ਕਿ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ ਤਾਲਮੇਲ ਕਮੇਟੀ ਦੀ 13 ਸਤੰਬਰ ਨੂੰ ਹੋਣ ਵਾਲੀ ਪਹਿਲੀ ਮੀਟਿੰਗ ’ਚ ਆਉਂਦੇ ਦਿਨਾਂ ’ਚ ਹੋਣ ਵਾਲੀਆਂ ਰੈਲੀਆਂ ਅਤੇ ਪ੍ਰਚਾਰ ਮੁਹਿੰਮਾਂ ਨੂੰ ਅੰਤਿਮ ਰੂਪ ਦੇਣ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਝਾਅ ਨੇ ਕਿਹਾ ਕਿ ਛੇ ਸੂਬਿਆਂ ਦੀਆਂ ਸੱਤ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨਾਲ ‘ਇੰਡੀਆ’ ਦੇ ਹੱਕ ’ਚ ਹਵਾ ਬਣ ਰਹੀ ਹੈ। ਇਨ੍ਹਾਂ ਚੋਣਾਂ ’ਚ ਵਿਰੋਧੀ ਧਿਰਾਂ ਨੇ ਚਾਰ ਅਤੇ ਭਾਜਪਾ ਨੇ ਤਿੰਨ ਸੀਟਾਂ ਜਿੱਤੀਆਂ ਸਨ। ਝਾਅ ਨੇ ਕਿਹਾ,‘‘ਇੰਡੀਆ ਗੱਠਜੋੜ ਦੀਆਂ ਸੋਸ਼ਲ ਮੀਡੀਆ, ਕੈਂਪੇਨ, ਰਿਸਰਚ ਆਦਿ ਕਮੇਟੀਆਂ ਨੇ ਮੀਟਿੰਗਾਂ ਕਰ ਲਈਆਂ ਹਨ। ਇਨ੍ਹਾਂ ਮੀਟਿੰਗਾਂ ’ਚ ਲਏ ਗਏ ਫ਼ੈਸਲਿਆਂ ’ਤੇ ਤਾਲਮੇਲ ਕਮੇਟੀ 13 ਸਤੰਬਰ ਨੂੰ ਪ੍ਰਵਾਨਗੀ ਦੀ ਮੋਹਰ ਲਾਏਗੀ। ਆਉਂਦੇ ਦਿਨਾਂ ਦੀ ਰਣਨੀਤੀ ਉਲਕਣ ਲਈ ਇਹ ਮੀਟਿੰਗ ਅਹਿਮ ਹੋਵੇਗੀ।’’ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ 14 ਮੈਂਬਰੀ ਤਾਲਮੇਲ ਕਮੇਟੀ ਦੀ ਮੀਟਿੰਗ ਬੁੱਧਵਾਰ ਨੂੰ ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਦੀ ਰਿਹਾਇਸ਼ ’ਤੇ ਹੋਵੇਗੀ। ਐੱਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਤਾਲਮੇਲ ਕਮੇਟੀ ਦੇ ਮੈਂਬਰ ਤ੍ਰਿਣਮੂਲ ਕਾਂਗਰਸ ਆਗੂ ਅਭਿਸ਼ੇਕ ਬੈਨਰਜੀ ਨੂੰ ਮੀਟਿੰਗ ਵਾਲੇ ਦਨਿ ਸੱਦੇ ਜਾਣ ਦੇ ਸਵਾਲ ’ਤੇ ਝਾਅ ਨੇ ਕਿਹਾ ਕਿ ਸਰਕਾਰ ਜਿਥੇ ਵਿਰੋਧੀਆਂ ਨੂੰ ਸਿਆਸੀ ਤੌਰ ’ਤੇ ਮਾਤ ਦੇਣ ਦੇ ਅਸਮਰੱਥ ਹੈ, ਉਥੇ ਉਹ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਹੁਕਮਰਾਨ ਭਾਜਪਾ ਨੂੰ ਘੇਰਦਿਆਂ ਉਨ੍ਹਾਂ ਕਿਹਾ,‘‘ਜਿਸ ਦਨਿ ਇੰਡੀਆ ਗੱਠਜੋੜ-‘ਜੁੜੇਗਾ ਭਾਰਤ, ਜੀਤੇਗਾ ਇੰਡੀਆ’ ਬਣਿਆ ਸੀ, ਅਸੀਂ ਜਾਣਦੇ ਸੀ ਕਿ ਈਡੀ, ਆਈਟੀ, ਸੀਬੀਆਈ ਨੂੰ ਸਾਡੇ ਪਿੱਛੇ ਲਗਾ ਦਿੱਤਾ ਜਾਵੇਗਾ। ਅੱਜ ਅਭਿਸ਼ੇਕ ਬੈਨਰਜੀ ਨੂੰ ਸੰਮਨ ਜਾਰੀ ਹੋਏ ਹਨ, ਕੱਲ ਕਿਸੇ ਹੋਰ ਨੂੰ ਮਿਲਣਗੇ। ਇਨ੍ਹਾਂ ਲੋਕਾਂ ਦੀ ਅਜਿਹੀ ਮਾਨਸਿਕਤਾ ਹੈ ਕਿ ਜੇਕਰ ਉਹ ਵਿਰੋਧੀ ਧਿਰ ਨਾਲ ਸਿਆਸੀ ਤੌਰ ’ਤੇ ਨਹੀਂ ਸਿੱਝ ਸਕਦੇ ਹਨ ਤਾਂ ਗ੍ਰਿਫ਼ਤਾਰ ਕਰ ਲਓ। ਉਹ ਇਹ ਭੁੱਲ ਜਾਂਦੇ ਹਨ ਕਿ ਜੇਲ੍ਹ ਦੀਆਂ ਸਲਾਖਾਂ ਇੰਨੀਆਂ ਮਜ਼ਬੂਤ ਨਹੀਂ ਹਨ ਜੋ ਲੋਕਾਂ ਦੇ ਗੁੱਸੇ ਨੂੰ ਠੰਢਾ ਕਰ ਸਕਣ।’’
ਰਾਜ ਸਭਾ ਸੰਸਦ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ‘ਇੰਡੀਆ’ ਖ਼ਿਲਾਫ਼ ਕੋਈ ਠੋਸ ਸਿਆਸੀ ਸ਼ਬਦ ਨਹੀਂ ਮਿਲ ਰਿਹਾ ਹੈ। ‘ਇਸੇ ਕਰ ਕੇ ਉਹ ਸਾਨੂੰ ਕਦੇ ਈਸਟ ਇੰਡੀਆ ਕੰਪਨੀ ਅਤੇ ਕਦੇ ਘਮੰਡੀਆ ਆਖ ਰਹੇ ਹਨ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਪਰੇਸ਼ਾਨ ਅਤੇ ਹੈਰਾਨ ਹੈ।’
ਮੀਟਿੰਗ ਦੌਰਾਨ ਗੱਠਜੋੜ ਦੇ ਚਿਹਰੇ ਬਾਰੇ ਚਰਚਾ ਹੋਣ ਦੇ ਸਵਾਲ ’ਤੇ ਝਾਅ ਨੇ ਕਿਹਾ ਕਿ 1977 ’ਚ ਕੋਈ ਵੀ ਚਿਹਰਾ ਨਹੀਂ ਸੀ। ਉਂਜ ਜੇ ਪੀ ਨਾਰਾਇਣ ਆਗੂ ਸਨ ਪਰ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਬਣੇ ਸਨ। ਇਸੇ ਤਰ੍ਹਾਂ 2004 ’ਚ ਸ਼ਾਈਨਿੰਗ ਇੰਡੀਆ ਪ੍ਰਚਾਰ ਦੀਆਂ ਧੱਜੀਆਂ ਉੱਡ ਗਈਆਂ ਸਨ ਅਤੇ ਕਿਸੇ ਵੀ ਆਗੂ ਦਾ ਨਾਮ ਅੱਗੇ ਨਹੀਂ ਸੀ ਪਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਅਤੇ ਉਨ੍ਹਾਂ 10 ਸਾਲਾਂ ਤੱਕ ਰਾਜ ਕੀਤਾ। ਉਨ੍ਹਾਂ ਕਿਹਾ ਕਿ ਉਹ ਅਕਸਰ ਆਖਦੇ ਹਨ ਕਿ ਕੋਈ ਸ਼ੈਂਪੂ ਜਾਂ ਸਾਬਣ ਨਹੀਂ ਖ਼ਰੀਦਿਆ ਜਾ ਰਿਹਾ ਹੈ, ਇਹ ਦੇਸ਼ ਦੀ ਅਗਵਾਈ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਅਜਿਹੀ ਪਾਰਟੀ ਹੈ ਜਿਥੇ ਕੋਈ ਵੀ ਪ੍ਰਧਾਨ ਮੰਤਰੀ ਖ਼ਿਲਾਫ਼ ਨਹੀਂ ਬੋਲ ਸਕਦਾ ਹੈ, ਕੀ ਇਹ ਵਧੀਆ ਪ੍ਰਣਾਲੀ ਹੈ ਜਾਂ ਵਿਰੋਧੀ ਧਿਰ ਦੀ ਪ੍ਰਣਾਲੀ ਸਹੀ ਹੈ ਜੋ ਲੋਕਾਂ ਲਈ ਉਸਾਰੂ ਬਦਲ ਪੇਸ਼ ਕਰ ਰਹੀ ਹੈ। -ਪੀਟੀਆਈ