ਭਾਜਪਾ ਸਰਕਾਰ ਨੇ ਰੁਜ਼ਗਾਰ ਦੇ ਲੱਖਾਂ ਨਵੇਂ ਮੌਕੇ ਪੈਦਾ ਕੀਤੇ: ਮੋਦੀ
ਨਵੀਂ ਦਿੱਲੀ, 12 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਨਤਕ ਤੇ ਨਿੱਜੀ ਖੇਤਰਾਂ ’ਚ ਰੁਜ਼ਗਾਰ ਦੇ ਮੌਕਿਆਂ ਨੂੰ ਲੈ ਕੇ ਆਪਣੀ ਸਰਕਾਰ ਦੀਆਂ ਯੋਜਨਾਵਾਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ 11 ਸਾਲਾਂ ਅੰਦਰ ਦੇਸ਼ ਨੇ ਹਰ ਖੇਤਰ ’ਚ ਪ੍ਰਗਤੀ ਕੀਤੀ ਹੈ। ਮੋਦੀ ਨੇ 51 ਹਜ਼ਾਰ ਤੋਂ ਵੱਧ ਨਿਯੁਕਤੀ ਪੱਤਰ ਵੰਡਣ ਮਗਰੋਂ ਪ੍ਰੋਗਰਾਮ ਨੂੰ ਡਿਜੀਟਲ ਢੰਗ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਗਰੀਬਾਂ ਲਈ ਚਾਰ ਕਰੋੜ ਤੋਂ ਵੱਧ ਘਰ ਬਣਾਉਣ, 10 ਕਰੋੜ ਤੋਂ ਵੱਧ ਐੱਲਪੀਜੀ ਦੇ ਨਵੇਂ ਕੁਨੈਕਸ਼ਨ ਵੰਡਣ ਜਾਂ ਘਰਾਂ ਦੀਆਂ ਛੱਤਾਂ ’ਤੇ ਸੋਲਰ ਪੈਨਲ ਲਾਉਣ ਜਿਹੀਆਂ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੇ ਰੁਜ਼ਗਾਰ ਦੇ ਲੱਖਾਂ ਨਵੇਂ ਮੌਕੇ ਪੈਦਾ ਕੀਤੇ ਹਨ ਅਤੇ ਇਸੇ ਤਰ੍ਹਾਂ ਕਈ ਯੋਜਨਾਵਾਂ ਨਾਲ ਨਿਰਮਾਣ ਖੇਤਰ ’ਚ ਵਿਕਾਸ ਹੋਇਆ ਹੈ।
ਮੋਦੀ ਨੇ ਪੰਜ ਮੁਲਕਾਂ ਦੇ ਹਾਲੀਆ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਸਾਰੀ ਦੁਨੀਆ ਭਾਰਤੀ ਅਬਾਦੀ ਤੇ ਲੋਕਤੰਤਰ ਦੀ ਤਾਕਤ ਨੂੰ ਪਛਾਣ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਦੀ ਤਾਕਤ ਇਸ ਦਾ ਸਭ ਤੋਂ ਵੱਡਾ ਸਰਮਾਇਆ ਤੇ ਦੇਸ਼ ਦੇ ਰੋਸ਼ਨ ਭਵਿੱਖ ਦੀ ਗਾਰੰਟੀ ਹੈ। ਮੋਦੀ ਨੇ ਕਿਹਾ, ‘ਅੱਜ ਦੁਨੀਆ ਮੰਨ ਰਹੀ ਹੈ ਕਿ ਭਾਰਤ ਕੋਲ ਦੋ ਵੱਡੀਆਂ ਤਾਕਤਾਂ ਹਨ। ਇੱਕ ਅਬਾਦੀ ਤੇ ਦੂਜਾ ਲੋਕਤੰਤਰ। ਮਤਲਬ ਸਾਡੀ ਸਭ ਤੋਂ ਵੱਡੀ ਨੌਜਵਾਨ ਅਬਾਦੀ ਤੇ ਸਭ ਤੋਂ ਵੱਡਾ ਲੋਕਤੰਤਰ।’
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੌਰੇ ਦੌਰਾਨ ਜਿੰਨੇ ਵੀ ਸਮਝੌਤੇ ਹੋਏ ਹਨ, ਉਨ੍ਹਾਂ ਨਾਲ ਦੇਸ਼ ਤੇ ਵਿਦੇਸ਼ ਦੋਵਾਂ ਥਾਵਾਂ ’ਤੇ ਭਾਰਤ ਦੇ ਨੌਜਵਾਨਾਂ ਨੂੰ ਫਾਇਦਾ ਹੋਣਾ ਹੈ। ਉਨ੍ਹਾਂ ਕਿਹਾ ਕਿ ਰੱਖਿਆ, ਫਾਰਮਾ, ਡਿਜੀਟਲ ਤਕਨੀਕ, ਊਰਜਾ ਅਤੇ ਦੁਰਲੱਭ ਖਣਿਜ ਜਿਹੇ ਖੇਤਰਾਂ ’ਚ ਹੋਏ ਸਮਝੌਤਿਆਂ ਨਾਲ ਭਾਰਤ ਨੂੰ ਆਉਣ ਵਾਲੇ ਦਿਨਾਂ ’ਚ ਬਹੁਤ ਵੱਡਾ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਨੇ ਪਿਛਲੇ 10 ਸਾਲਾਂ ਅੰਦਰ 25 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਰੁਜ਼ਗਾਰ ਤੇ ਆਮਦਨ ਦੇ ਸਰੋਤ ਨਾ ਹੁੰਦੇ ਤਾਂ ਅਜਿਹਾ ਨਾ ਹੁੰਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰੀਬਾਂ ਦੀ ਜ਼ਿੰਦਗੀ ਪਹਿਲਾਂ ਬਹੁਤ ਮੁਸ਼ਕਿਲ ਸੀ ਤੇ ਉਨ੍ਹਾਂ ਨੂੰ ਮੌਤ ਦਾ ਡਰ ਸੀ ਪਰ ਹੁਣ ਉਨ੍ਹਾਂ ਗਰੀਬੀ ਨੂੰ ਹਰਾ ਦਿੱਤਾ ਹੈ। -ਪੀਟੀਆਈ