ਕੋਈ ਵੀ ਅਤਿਵਾਦੀ ਕਾਰਵਾਈ ਜੰਗ ਮੰਨੀ ਜਾਵੇਗੀ: ਰਵੀ ਸ਼ੰਕਰ ਪ੍ਰਸਾਦ
ਪੈਰਿਸ, 27 ਮਈ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਤੇ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਫਰਾਂਸ ’ਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਅਤਿਵਾਦ ਦੇ ਆਲਮੀ ਸਰਾਪ ਖ਼ਿਲਾਫ਼ ਲੜ ਰਹੇ ‘ਬਰਾਂਡ ਇੰਡੀਆ’ ਨੂੰ ਸ਼ਾਂਤੀ ਦੇ ਪ੍ਰਤੀਕ ਵਜੋਂ ਪ੍ਰਦਰਸ਼ਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਅਤਿਵਾਦ ਦੀ ਹਰ ਕਾਰਵਾਈ ਨੂੰ ਜੰਗ ਦੇ ਰੂਪ ’ਚ ਦੇਖਿਆ ਜਾਵੇਗਾ।
ਪ੍ਰਸਾਦ ਦੀ ਅਗਵਾਈ ਹੇਠ ਸਰਬ ਪਾਰਟੀ ਵਫ਼ਦ ਨੇ ਅੱਜ ਸ਼ਾਮ ਪੈਰਿਸ ’ਚ ਪਰਵਾਸੀ ਭਾਰਤੀਆਂ ਤੇ ਆਗੂਆਂ ਨਾਲ ਮੁਲਾਕਾਤ ਦੌਰਾਨ ਸੁਨੇਹਾ ਦਿੱਤਾ ਕਿ ਪਿਛਲੇ ਮਹੀਨੇ ਪਹਿਲਗਾਮ ’ਚ ਹੋਇਆ ਅਤਿਵਾਦੀ ਹਮਲਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ’ਚ ਸ਼ਾਂਤੀ ਤੇ ਵਿਕਾਸ ਨੂੰ ਕਮਜ਼ੋਰ ਕਰਨ ਲਈ ਜਾਣ-ਬੁੱਝ ਕੇ ਕੀਤੀ ਗਈ ਕੋਸ਼ਿਸ਼ ਸੀ। ਪ੍ਰਸਾਦ ਨੇ ਕਿਹਾ ਕਿ ਭਾਰਤ ਨੇ ‘ਅਪਰੇਸ਼ਨ ਸਿੰਧੂਰ’ ਰਾਹੀਂ ‘ਸਟੀਕ, ਗਿਣੀ-ਮਿੱਥੀ ਤੇ ਤਣਾਅ ਨਾ ਵਧਾਉਣ ਵਾਲੀ’ ਪ੍ਰਤੀਕਿਰਿਆ ਦਿੱਤੀ ਅਤੇ ਇਸ ਦਾ ਟੀਚਾ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅਤਿਵਾਦੀ ਢਾਂਚੇ ਸਨ। ਪ੍ਰਸਾਦ ਨੇ ਪਰਵਾਸੀਆਂ ਨੂੰ ਕਿਹਾ, ‘ਜਦੋਂ ਮੈਂ ਭਾਰਤ ਦੀ ਪ੍ਰਗਤੀ ਦੇਖਦਾ ਹਾਂ ਤਾਂ ਮੈਨੂੰ ਤੁਹਾਡੇ ਸਾਰਿਆਂ ’ਤੇ ਬਹੁਤ ਮਾਣ ਹੁੰਦਾ ਹੈ ਕਿਉਂਕਿ ਤੁਸੀਂ (ਦੇਸ਼ ਦੇ) ‘ਬਰਾਂਡ ਅੰਬੈਸਡਰ’ ਹੋ।’ ਉਨ੍ਹਾਂ ਕਿਹਾ, ‘ਕਿਰਪਾ ਕਰਕੇ ‘ਬਰਾਂਡ ਇੰਡੀਆ’ ਨੂੰ ਠੀਕ ਢੰਗ ਨਾਲ’ ਪੇਸ਼ ਕੀਤਾ ਜਾਵੇ। ਇਹ ਦਿਖਾਓ ਕਿ ਅਸੀਂ ਸ਼ਾਂਤੀ ਤੇ ਸੁਹਿਰਦਤਾ ਲਈ ਕੰਮ ਕਰਦੇ ਹਾਂ ਪਰ ਜੇ ਅਤਿਵਾਦੀ ਬੇਕਸੂਰ ਭਾਰਤੀਆਂ ਨੂੰ ਮਾਰਨਗੇ ਤਾਂ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਇਹ ‘ਅਪਰੇਸ਼ਨ ਸਿੰਧੂਰ’ ਦੀ ਜਿੱਤ ਹੈ।’
ਸਾਬਕਾ ਕੇਂਦਰੀ ਮੰਤਰੀ ਨੇ ਵਫ਼ਦ ਦਾ ਮੁੱਖ ਸੁਨੇਹਾ ਦੁਹਰਾਇਆ ਕਿ ਅਤਿਵਾਦ ਦੀ ਹਰ ਕਾਰਵਾਈ ਨੂੰ ਜੰਗ ਦੇ ਰੂਪ ’ਚ ਦੇਖਿਆ ਜਾਵੇਗਾ, ‘ਕਿਉਂਕਿ ਪਾਕਿਸਤਾਨ ’ਚ ਅਤਿਵਾਦ ਤੇ ਸਰਕਾਰੀ ਅਦਾਰੇ ਇਕਜੁੱਟ ਹਨ।’ ਉਨ੍ਹਾਂ ਕਿਹਾ, ‘ਜੇ ਤੁਹਾਨੂੰ ਇਸ ਬਾਰੇ ਸਵਾਲ ਕੀਤਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੇ ਕਿਹਾ ਸੀ ਕਿ ਇਹ ਜੰਗ ਦਾ ਯੁੱਗ ਨਹੀਂ ਤਾਂ ਜਵਾਬ ਦੇਣਾ ਕਿ ਇਹ ਅਤਿਵਾਦ ਦਾ ਯੁੱਗ ਵੀ ਨਹੀਂ ਹੈ। ਅਤਿਵਾਦ ਇੱਕ ਆਲਮੀ ਸਰਾਪ ਹੈ, ਇੱਕ ਆਲਮੀ ਕੈਂਸਰ ਹੈ, ਜੋ ਸੱਭਿਅਕ ਸਮਾਜ ਦੀ ਹੱਤਿਆ ਕਰ ਰਿਹਾ ਹੈ।’ ਸਮਾਗਮ ਨੂੰ ਲੋਕ ਸਭਾ ਮੈਂਬਰ ਪੀ. ਪੁਰੰਦੇਸ਼ਵਰੀ, ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ, ਰਾਜ ਸਭਾ ਮੈਂਬਰ ਗੁਲਾਮ ਅਲੀ ਖਟਾਨਾ, ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ, ਰਾਜ ਸਭਾ ਮੈਂਬਰ ਸਮਿਕ ਭੱਟਾਚਾਰੀਆ ਤੇ ਸਾਬਕਾ ਕੇਂਦਰੀ ਮੰਤਰੀ ਐੱਮਜੇ ਅਕਬਰ ਨੇ ਵੀ ਸੰਬੋਧਨ ਕੀਤਾ। -ਪੀਟੀਆਈ
ਕਾਂਗੋ ਵੱਲੋਂ ਅਤਿਵਾਦ ਖ਼ਿਲਾਫ਼ ਲੜਾਈ ’ਚ ਭਾਰਤ ਦੀ ਹਮਾਇਤ
ਕਿਨਸ਼ਾਸਾ: ਕਾਂਗੋ ਨੇ ਭਰੋਸਾ ਦਿੱਤਾ ਹੈ ਕਿ ਉਹ ਅਤਿਵਾਦ ਖ਼ਿਲਾਫ਼ ਭਾਰਤ ਦਾ ਸੁਨੇਹਾ ਉਨ੍ਹਾਂ ਸਾਰੇ ਕੌਮਾਂਤਰੀ ਮੰਚਾਂ ਤੋਂ ਦੇਵੇਗਾ ਜਿਨ੍ਹਾਂ ਦਾ ਇਹ ਮੱਧ ਅਫਰੀਕੀ ਦੇਸ਼ ਮੈਂਬਰ ਹੈ। ਇਹ ਭਰੋਸਾ ਸ਼ਿਵ ਸੈਨਾ ਸੰਸਦ ਮੈਂਬਰ ਸ੍ਰੀਕਾਂਤ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਸਰਬ ਪਾਰਟੀ ਵਫ਼ਦ ਦੀ ਯਾਤਰਾ ਦੌਰਾਨ ਦਿੱਤਾ ਗਿਆ। ਇਸ ਯਾਤਰਾ ਦਾ ਮਕਸਦ ਅਤਿਵਾਦ ਖ਼ਿਲਾਫ਼ ਨਵੀਂ ਦਿੱਲੀ ਦੀ ‘ਅਤਿਵਾਦ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ’ ਅਤੇ ਸਰਹੱਦ ਪਾਰੋਂ ਹੋਣ ਵਾਲੀਆਂ ਅਤਿਵਾਦੀ ਗਤੀਵਿਧੀਆਂ ਨਾਲ ਪਾਕਿਸਤਾਨ ਦੇ ਕਥਿਤ ਸਬੰਧਾਂ ਨੂੰ ਸਾਹਮਣੇ ਲਿਆਉਣਾ ਹੈ। ਕਿਨਸ਼ਾਸਾ ਸਥਿਤ ਭਾਰਤੀ ਦੂਤਾਵਾਸ ਨੇ ਇੱਕ ਪ੍ਰੈੱਸ ਬਿਆਨ ’ਚ ਦੱਸਿਆ ਕਿ ਵਫ਼ਦ ਨੇ 25 ਤੋਂ 27 ਮਈ ਤੱਕ ਕਾਂਗੋ ਜਮਹੂਰੀ ਗਣਰਾਜ ਦੀ ਯਾਤਰਾ ਦੌਰਾਨ ਉੱਥੋਂ ਦੀ ਸਿਆਸੀ ਲੀਡਰਸ਼ਿਪ ਨਾਲ ਉੱਚ ਪੱਧਰੀ ਮੀਟਿੰਗਾਂ ਕੀਤੀਆਂ। ਬਿਆਨ ’ਚ ਦੱਸਿਆ ਗਿਆ ਹੈ ਕਿ ਵਫ਼ਦ ਨੇ ਉਪ ਪ੍ਰਧਾਨ ਮੰਤਰੀ ਯਾਂ ਪੀਅਰੇ ਬੇਂਬਾ ਗੌਂਬੋ, ਵਿਦੇਸ਼ ਮੰਤਰੀ ਥੈਰੇਸੇ ਕੇ ਵੈਗਨਰ, ਨੈਸ਼ਨਲ ਅਸੈਂਬਲੀ ਦੇ ਸਪੀਕਰ ਵਿਟਲ ਕਾਮੇਰਹੇ ਤੇ ਸੈਨੇਟ ਦੇ ਮੁਖੀ ਯਾਂ ਮਿਸ਼ੈਲ ਸਾਮਾ ਲੁਕੋਂਡੇ ਕਯੇਂਗੇ ਨਾਲ ਮੁਲਾਕਾਤ ਕੀਤੀ। ਮੀਟਿੰਗਾਂ ਦੌਰਾਨ ਕਾਂਗੋ ਦੇ ਸੀਨੀਅਰ ਆਗੂਆਂ ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਜ਼ਾਹਿਰ ਕੀਤੀ। ਬਿਆਨ ’ਚ ਕਿਹਾ ਗਿਆ ਕਿ ਕਾਂਗੋ ਦੇ ਆਗੂਆਂ ਨੇ ਅਦਿਵਾਦੀ ਗਤੀਵਿਧੀਆਂ ਦੀ ਨਿੰਦਾ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਨੂੰ ਕਿਸੇ ਵੀ ਸਥਿਤੀ ’ਚ ਸਹੀ ਨਹੀਂ ਠਹਿਰਾਇਆ ਜਾ ਸਕਦਾ। ਕਾਂਗੋ ਦੇ ਆਗੂਆਂ ਨੇ ਅਤਿਵਾਦ ਦੇ ਆਲਮੀ ਖਤਰੇ ਨਾਲ ਨਜਿੱਠਣ ਲਈ ਪ੍ਰਤੀਬੱਧਤਾ ਜ਼ਾਹਿਰ ਕੀਤੀ ਤੇ ਭਾਰਤ ਨਾਲ ਮਿਲ ਕੇ ਕੰਮ ਕਰਨ ਦਾ ਅਹਿਦ ਜਤਾਇਆ। -ਪੀਟੀਆਈ
ਭਾਰਤੀ ਸਰਬ-ਪਾਰਟੀ ਵਫ਼ਦ ਨੇ ਸਿੰਗਾਪੁਰ ਦੀ ਮੰਤਰੀ ਨਾਲ ਕੀਤੀ ਮੁਲਾਕਾਤ
ਸਿੰਗਾਪੁਰ: ਭਾਰਤ ਦੇ ਸਰਬ-ਪਾਰਟੀ ਸੰਸਦੀ ਵਫ਼ਦ ਨੇ ਸਿੰਗਾਪੁਰ ਦੀ ਸੀਨੀਅਰ ਮੰਤਰੀ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਦੇ ਘਟਨਾਕ੍ਰਮ, ਅਪਰੇਸ਼ਨ ਸਿੰਧੂਰ ਅਤੇ ਅਤਿਵਾਦ ਨਾਲ ਨਜਿੱਠਣ ਸਬੰਧੀ ਨੀਤੀ ਬਾਰੇ ਦੇਸ਼ ਦੇ ਰੁਖ਼ ਤੋਂ ਜਾਣੂ ਕਰਵਾਇਆ। ਜਨਤਾ ਦਲ (ਯੂਨਾਈਟਿਡ) ਦੇ ਮੈਂਬਰ ਦੱਖਣ ਕੋਰੀਆ ਤੋਂ ਇੱਥੇ ਪੁੱਜੇ। ਸਿੰਗਾਪੁਰ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ਕੀਤਾ, ‘‘ਸਰਬ-ਪਾਰਟੀ ਸੰਸਦੀ ਵਫ਼ਦ ਨੇ ਸਿੰਗਾਪੁਰ ਦੀ ਵਿਦੇਸ਼ ਅਤੇ ਗ੍ਰਹਿ ਰਾਜ ਮੰਤਰੀ ਸਿਮ ਐਨ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਤੋਂ ਬਾਅਦ ਦੇ ਘਟਨਾਕ੍ਰਮ, ਅਪਰੇਸ਼ਨ ਸਿੰਧੂਰ ਅਤੇ ਅਤਿਵਾਦ ਨਾਲ ਲੜਨ ਬਾਰੇ ਭਾਰਤ ਦੀ ਨੀਤੀ ਸਬੰਧੀ ਦੇਸ਼ ਦੇ ਰੁਖ਼ ਤੋਂ ਜਾਣੂ ਕਰਵਾਇਆ।’’ ਇੱਥੇ ਆਪਣੇ ਪਰਵਾਸ ਦੌਰਾਨ, ਵਫ਼ਦ ਸਿੰਗਾਪੁਰ ਦੇ ਮੰਤਰੀਆਂ, ਸੰਸਦੀ ਮੈਂਬਰਾਂ, ਸਿੱਖਿਆ ਸ਼ਾਸਤਰੀਆਂ, ਕਾਰੋਬਾਰੀਆਂ, ਮੀਡੀਆ ਅਤੇ ਭਾਰਤੀ ਭਾਈਚਾਰੇ ਦੇ ਵਫ਼ਦਾਂ ਨਾਲ ਮੁਲਾਕਾਤ ਕਰੇਗਾ। ਸਿੰਗਾਪੁਰ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਬਿਆਨ ਵਿੱਚ ਕਿਹਾ ਕਿ ਸਿੰਗਾਪੁਰ ਦੀ ਮੰਤਰੀ ਸਿਮ ਨੇ ਸੁਨੇਹਾ ਦਿੱਤਾ ਕਿ ਸਿੰਗਾਪੁਰ ਸਾਰੀਆਂ ਅਤਿਵਾਦੀ ਕਾਰਵਾਈਆਂ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕਰਦਾ ਹੈ। ਸਿਮ ਨੇ ਕਿਹਾ ਕਿ ਸਿੰਗਾਪੁਰ ਤੇ ਭਾਰਤ ਨਜ਼ਦੀਕੀ ਭਾਈਵਾਲ ਹਨ ਅਤੇ ਅੱਗੇ ਵੀ ਆਪਣਾ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਸਬੰਧੀ ਕੋਸ਼ਿਸ਼ਾਂ ਜਾਰੀ ਰੱਖਣਗੇ। -ਪੀਟੀਆਈ
ਸੂਲੇ ਦੀ ਅਗਵਾਈ ਹੇਠਲੇ ਸਰਬ ਪਾਰਟੀ ਵਫ਼ਦ ਦੀ ਕਤਰ ਯਾਤਰਾ ਮੁਕੰਮਲ
ਦੋਹਾ: ਦੋਹਾ ਸਥਿਤ ਭਾਰਤੀ ਦੂਤਘਰ ਨੇ ਅੱਜ ਕਿਹਾ ਕਿ ਕਤਰ ਨੇ ਸਰਬ ਪਾਰਟੀ ਵਫ਼ਦ ਦੀ ਯਾਤਰਾ ਦੌਰਾਨ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਤਿਵਾਦੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਵਿਚਾਲੇ ਕੋਈ ਫਰਕ ਨਹੀਂ ਕੀਤਾ ਜਾਣਾ ਚਾਹੀਦਾ। ਸੰਸਦ ਮੈਂਬਰ ਸੁਪ੍ਰਿਆ ਸੂਲੇ ਦੀ ਅਗਵਾਈ ਹੇਠਲੇ ਵਫ਼ਦ ਦੀ ਕਤਰ ਯਾਤਰਾ ਬੀਤੇ ਦਿਨ ਮੁਕੰਮਲ ਹੋ ਗਈ। ਇਹ ਚਾਰ ਦੇਸ਼ਾਂ ਦੀ ਨਿਰਧਾਰਤ ਕੀਤੀ ਗਈ ਯਾਤਰਾ ਦਾ ਪਹਿਲਾ ਗੇੜ ਸੀ। ਭਾਰਤੀ ਦੂਤਘਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘ਕਤਰ ਨੇ ਅਤਿਵਾਦ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਆਪਣੀ ਨੀਤੀ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਤਿਵਾਦ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਵਫ਼ਦ ਨੇ ਪਹਿਲਗਾਮ ਹਮਲੇ ਦੀ ਕਤਰ ਸਰਕਾਰ ਵੱਲੋਂ ਕੀਤੀ ਗਈ ਨਿੰਦਾ ਦੀ ਸ਼ਲਾਘਾ ਕੀਤੀ ਅਤੇ ਕਤਰ ਲੀਡਰਸ਼ਿਪ ਨੂੰ ਉਸ ਦੀ ਹਮਾਇਤ ਲਈ ਧੰਨਵਾਦ ਕੀਤਾ।’ ਇਸ ’ਚ ਕਿਹਾ ਗਿਆ ਹੈ ਕਿ ਦੌਰੇ ’ਤੇ ਆਏ ਵਫ਼ਦ ਨੇ ਪਿਛਲੇ ਸਾਲ ਦੋ ਦਿਨਾਂ ਅੰਦਰ ਵਿਦੇਸ਼ ਰਾਜ ਮੰਤਰੀ ਮੁਹੰਮਦ ਬਿਨ ਅਬਦੁੱਲ ਅਜ਼ੀਜ਼ ਬਿਨ ਸਾਲੇਹ ਅਲ ਖੁਲੈਫੀ, ਗ੍ਰਹਿ ਰਾਜ ਮੰਤਰੀ ਸ਼ੇਖ ਅਬਦੁੱਲ ਅਜ਼ੀਜ਼ ਬਿਨ ਫੈਸਲ ਬਿਨ ਮੁਹੰਮਦ ਅਲ ਥਾਨੀ, ਸ਼ੂਰਾ ਕਾਉਂਸਲ ਦੇ ਡਿਪਟੀ ਚੇਅਰਮੈਨ ਹਮਦਾ ਬਿੰਤ ਹਸਨ ਅਲ ਸੁਲੈਤੀ ਤੇ ਕਈ ਹੋਰ ਅਹਿਮ ਹਸਤੀਆਂ ਨਾਲ ਮੁਲਾਕਾਤ ਕੀਤੀ। -ਪੀਟੀਆਈ