ਗ਼ਲਤ ਕੱਟ: ਪ੍ਰਸ਼ਾਸਨ ਨੇ ਲਾਂਘਾ ਬੰਦ ਕਰ ਕੇ ਬੁੱਤਾ ਸਾਰਿਆ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 13 ਜੁਲਾਈ
ਬਰਨਾਲਾ-ਮੋਗਾ ਕੌਮੀ ਮਾਰਗ ਉੱਤੇ ਪਿੰਡ ਚੀਮਾ-ਜੋਧਪੁਰ ਵਿੱਚ ਗ਼ਲਤ ਕੱਟ ਦਾ ਮਾਮਲਾ ਸੁਲਝਾਉਣ ਦੀ ਥਾਂ ਪ੍ਰਸ਼ਾਸਨ ਨੇ ਰਸਤਾ ਬੰਦ ਕਰਕੇ ਆਪਣਾ ਪੱਲਾ ਝਾੜ ਲਿਆ ਹੈ। ਦੋਵੇਂ ਪਿੰਡਾਂ ਦੇ ਲੋਕ ਪਿਛਲੇ 4-5 ਸਾਲਾਂ ਤੋਂ ਇਸ ਗ਼ਲਤ ਤਰੀਕੇ ਛੱਡੇ ਕੱਟ ਨੂੰ ਸਹੀ ਕਰਨ ਦੀ ਮੰਗ ਕਰ ਰਹੇ ਹਨ ਪਰ ਪ੍ਰਸ਼ਾਸਨ ਤੋਂ ਸਿਵਾਏ ਲਾਰਿਆਂ ਤੋਂ ਕੁਝ ਹਾਸਲ ਨਹੀਂ ਹੋਇਆ। ਲੋਕ ਸਭਾ ਚੋਣ ਮੌਕੇ ਐੱਮਪੀ ਮੀਤ ਹੇਅਰ ਵੱਲੋਂ ਕੀਤਾ ਗਿਆ ਓਵਰਬ੍ਰਿਜ ਦਾ ਵਾਅਦਾ ਵਫ਼ਾ ਨਾ ਹੋ ਸਕਿਆ। ਬਰਨਾਲਾ-ਮੋਗਾ ਮਾਰਗ ਦੇ ਨਵ-ਨਿਰਮਾਣ ਮੌਕੇ ਹੀ ਇਨ੍ਹਾਂ ਪਿੰਡਾਂ ਨੂੰ ਸਹੀ ਤਰੀਕੇ ਕੌਮੀ ਮਾਰਗ ਅਥਾਰਿਟੀ ਨੇ ਰਾਹ ਹੀ ਨਹੀਂ ਦਿੱਤਾ। ਲੋਕ ਆਰਜ਼ੀ ਤੌਰ ’ਤੇ ਛੱਡੇ ਗ਼ਲਤ ਕੱਟਾਂ ਰਾਹੀਂ ਹੀ ਆਉਣ ਜਾਣ ਲਈ ਮਜਬੂਰ ਰਹੇ। ਸੜਕ ਹਾਦਸਿਆਂ ਵਿੱਚ ਵਾਧਾ ਹੋਣ ਤੋਂ ਦੁਖੀ ਲੋਕਾਂ ਵੱਲੋਂ ਇੱਥੇ ਲੰਬਾ ਸਮਾਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇੱਥੇ ਓਵਰਬ੍ਰਿਜ ਬਣਾਉਣ ਦਾ ਭਰੋਸਾ ਦਿੱਤਾ, ਜਿਸਨੂੰ ਕਰੀਬ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਹਾਲੇ ਤੱਕ ਗੱਲ ਭਰੋਸੇ ਤੋਂ ਅੱਗੇ ਨਹੀਂ ਵਧੀ। ਪਿੰਡ ਦੇ ਆਜ਼ਾਦ ਕਲੱਬ ਦੇ ਆਗੂ ਲਖਵਿੰਦਰ ਸਿੰਘ ਸੀਰਾ, ਡਾ. ਬੱਬੂ ਵੜੈਚ ਅਤੇ ਸੂਰਜ ਗਾਂਧੀ ਨੇ ਕਿਹਾ ਕਿ ਇਸ ਕੱਟ ਦੇ ਬੰਦ ਹੋਣ ਨਾਲ ਪਿੰਡ ਵਾਸੀ ਮੋਗਾ ਸਾਈਡ ਜਾਣ ਅਤੇ ਬਰਨਾਲਾ ਤੋਂ ਪਿੰਡ ਆਉਣ ਲਈ ਦੋ-ਦੋ ਕਿਲੋਮੀਟਰ ਦਾ ਵੱਧ ਫ਼ਾਸਲਾ ਤੈਅ ਕਰਨ ਲਈ ਮਜਬੂਰ ਹੋ ਗਏ ਹਨ ਜਦਕਿ ਬਹੁ ਗਿਣਤੀ ਇਸ ਦੂਰੀ ਤੋਂ ਬਚਣ ਲਈ ਪੁੱਠੀ ਸਾਈਡ ਵੀ ਆਉਂਦੇ ਹਨ, ਜਿਸ ਨਾਲ ਸੜਕ ਹਾਦਸੇ ਹੋਰ ਵਧ ਦਾ ਡਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਐੱਨਐੱਚਏਆਈ ਇਸ ਤਰ੍ਹਾਂ ਕੱਟ ਬੰਦ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ, ਜਦਕਿ ਪ੍ਰਸ਼ਾਸਨ ਨੂੰ ਦੋਵੇਂ ਪਿੰਡਾਂ ਦੇ ਲੋਕਾਂ ਦੀ ਜ਼ਰੂਰਤ ਤੇ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਕੱਟ ਨੂੰ ਸਹੀ ਤਰੀਕੇ ਬਣਾ ਕੇ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਕਿਹਾ ਕਿ ਐੱਨਐੱਚਏਆਈ ਅਨੁਸਾਰ ਇਨ੍ਹਾਂ ਪਿੰਡਾਂ ਲਈ ਓਵਰਬ੍ਰਿਜ ਪਾਸ ਹੋ ਗਿਆ ਹੈ ਅਤੇ ਉਸ ਦੀ ਕਾਰਵਾਈ ਜਾਰੀ ਹੈ, ਜੋ ਜਲਦ ਅਮਲ ਵਿੱਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਵਾਹਨਾਂ ਚਾਲਕਾਂ ਨੂੰ ਲਾਂਘੇ ਦੀ ਜੋ ਸਮੱਸਿਆ ਹੈ, ਉਸ ਦਾ ਵੀ ਪ੍ਰਸ਼ਾਸਨ ਹੱਲ ਕਰ ਦੇਵੇਗਾ। ਇਸ ਲਈ ਜਲਦ ਹੀ ਅਧਿਕਾਰੀਆਂ ਨੂੰ ਮੌਕਾ ਦੇਖਣ ਲਈ ਭੇਜਣਗੇ ਅਤੇ ਪਿੰਡ ਵਾਸੀਆਂ ਦੀ ਗੱਲ ਸੁਣੀ ਜਾਵੇਗੀ।
ਪਿੰਡ ਵਾਸੀਆਂ ਵੱਲੋਂ ਸੰਘਰਸ਼ ਦਾ ਐਲਾਨ
ਉਧਰ ਇਸ ਕੱਟ ਨੂੰ ਲੈ ਕੇ ਚੀਮਾ ਵਿੱਚ ਸਰਪੰਚ ਮਲੂਕ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਦਾ ਇਕੱਠ ਹੋਇਆ ਅਤੇ ਹੱਕ ਦੇ ਹੱਲ ਲਈ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਸਰਪੰਚ ਨੇ ਕਿਹਾ ਕਿ ਪਿੰਡ ਚੀਮਾ ਅਤੇ ਜੋਧਪੁਰ ਦੀਆਂ ਪੰਚਾਇਤਾਂ ਇਸ ਮਾਮਲੇ ‘ਤੇ ਸੋਮਵਾਰ ਨੂੰ ਡੀਸੀ ਅਤੇ ਐਸਡੀਐਮ ਬਰਨਾਲਾ ਨੂੰ ਮਿਲ ਕੇ ਮੰਗ ਪੱਤਰ ਦੇਣਗੀਆਂ। ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਸ਼ੁਰੂ ਹੋਵੇਗਾ।