ਪੱਤਰ ਪ੍ਰੇਰਕ
ਏਲਨਾਬਾਦ, 1 ਜੂਨ
ਵਿਦੇਸ਼ ਭੇਜਣ ਦੇ ਨਾਂ ’ਤੇ ਪੰਜ ਵਿਅਕਤੀਆਂ ਵੱਲੋਂ ਰਾਣੀਆਂ ਦੀ ਇੱਕ ਔਰਤ ਨਾਲ 5 ਲੱਖ 11 ਹਜ਼ਾਰ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਪੀੜਤ ਔਰਤ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਸਥਿਤ ਵੀਜ਼ਾ ਸਪੋਰਟਸ ਸਰਵਿਸਿਜ਼ ਕੰਪਨੀ ਦੇ ਨਿਰਦੇਸ਼ਕ ਸਤਬੀਰ ਸਿੰਘ, ਵਿਕਰਮਜੀਤ, ਪ੍ਰਬੰਧਕ ਜਸ਼ਨਪ੍ਰੀਤ, ਸਹਾਇਕ ਪ੍ਰਬੰਧਕ ਜਸਲੀਨ ਕੌਰ ਅਤੇ ਸਹਾਇਕ ਪ੍ਰਬੰਧਕ ਵੀਜ਼ਾ ਸੁਖਵਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਰਾਣੀਆਂ ਦੇ ਵਾਰਡ ਨੰਬਰ ਪੰਜ ਨਿਵਾਸੀ ਮਨਦੀਪ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਆਪਣੇ ਬੇਟੇ ਗੁਰਮਨ ਸਿੰਘ ਦੇ ਨਾਲ ਆਸਟਰੇਲੀਆ ਜਾਣਾ ਸੀ। ਇਸ ਲਈ ਉਸ ਨੇ ਵਿਜ਼ਟਰ ਵੀਜ਼ੇ ਲਈ ਅਪਲਾਈ ਕਰਨਾ ਸੀ। ਜਨਵਰੀ 2024 ਵਿੱਚ ਉਨ੍ਹਾਂ ਨੇ ਕੰਪਨੀ ਦੇ ਦਫ਼ਤਰ ਵਿੱਚ ਜਾ ਕੇ ਵੀਜ਼ਾ ਲਗਾਉਣ ਦੀ ਗੱਲ ਆਖੀ। ਮਨਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੰਪਨੀ ਦੇ ਅਧਿਕਾਰੀਆਂ ਨੂੰ 5 ਲੱਖ 11 ਹਜ਼ਾਰ 600 ਰੁਪਏ ਦੇ ਦਿੱਤੇ। ਕੰਪਨੀ ਅਧਿਕਾਰੀਆਂ ਨੇ ਕਿਹਾ ਕਿ 45 ਤੋਂ 60 ਦਿਨ ਵਿੱਚ ਵੀਜ਼ਾ ਲੱਗ ਜਾਵੇਗਾ। ਪੀੜਤ ਔਰਤ ਦਾ ਕਹਿਣਾ ਹੈ ਕਿ ਇਸ ਮਿਆਦ ਵਿੱਚ ਵੀਜ਼ਾ ਨਹੀਂ ਲੱਗਾ ਤਾਂ ਉਹ ਕੰਪਨੀ ਦੇ ਦਫ਼ਤਰ ਗਏ ਪਰ ਉੱਥੇ ਤਾਲਾ ਲੱਗਾ ਹੋਇਆ ਸੀ। ਉਨ੍ਹਾਂ ਆਪਣੇ ਪੱਧਰ ’ਤੇ ਕਾਫ਼ੀ ਭਾਲ ਕੀਤੀ ਪਰ ਅਜੇ ਤੱਕ ਕੋਈ ਪਤਾ ਨਹੀ ਲੱਗਾ ਹੈ। ਇਸ ਦੇ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾ ਨਾਲ ਧੋਖਾਧੜੀ ਹੋਈ ਹੈ। ਜਾਂਚ ਅਧਿਕਾਰੀ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਛੇਤੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।