ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਤਪਾ ਮੰਡੀ, 25 ਜੂਨ
ਤਪਾ ਸ਼ਹਿਰ ਵਿੱਚ ਅੱਜ ਨਗਰ ਕੌਂਸਲ ਵਲੋਂ ਪੁਲੀਸ ਪ੍ਰਸਾਸ਼ਨ ਦੇ ਸਹਿਯੋਗ ਨਾਲ ਬਾਜ਼ਾਰ ਵਿੱਚੋਂ ਨਾਜਇਜ਼ ਕਬਜ਼ੇ ਹਟਾਏ ਗਏ। ਇਸ ਮੌਕੇ ਨਗਰ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਸਦਰ ਬਾਜ਼ਾਰ ’ਚ ਬਾਹਰ ਪਿਆ ਨਾਜਾਇਜ਼ ਸਾਮਾਨ ਚੁੱਕ ਕੇ ਟਰਾਲੀ ’ਚ ਵੀ ਸੁੱਟਿਆ। ਇਸ ਮੌਕੇ ਥਾਣਾ ਮੁਖੀ ਸ਼ਰੀਫ਼ ਖਾਨ ਨੇ ਕਿਹਾ ਕਿ ਸ਼ਹਿਰ ਦੇ ਅੰਦਰਲੇ ਬੱਸ ਸਟੈਂਡ, ਸਦਰ ਬਾਜ਼ਾਰ, ਬਾਲਮੀਕਿ ਚੌਕ ਅਤੇ ਸਕੂਲ ਰੋਡ ਆਦਿ ’ਤੇ ਅਕਸਰ ਜਾਮ ਲੱਗਾ ਰਹਿੰਦਾ ਸੀ। ਸਦਰ ਬਾਜ਼ਾਰ ’ਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਕਾਫ਼ੀ ਅੱਗੇ ਤੱਕ ਵਧਾਅ ਰੱਖੀਆਂ ਸਨ, ਜਿਸ ਕਾਰਨ ਆਉਣ ਜਾਣ ਵਾਲੇ ਰਾਹਾਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ ਤੇ ਕਈ ਵਾਰ ਤਾਂ ਹਾਦਸਾ ਹੋਣ ਦੀ ਵੀ ਨੌਬਤ ਆ ਜਾਂਦੀ ਹੈ। ਉਨ੍ਹਾਂ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਅੱਗੇ ਤੋਂ ਕਿਸੇ ਵੀ ਵਿਅਕਤੀ ਵਲੋਂ ਇਸ ਤਰ੍ਹਾਂ ਸਾਮਾਨ ਸੜਕ ’ਤੇ ਰੱਖ ਕੇ ਟ੍ਰੈਫ਼ਿਕ ਵਿੱਚ ਵਿਘਨ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋ ਤੋਂ ਇਲਾਵਾ ਨਗਰ ਕੌਂਸਲ ਦੇ ਮੁਲਾਜ਼ਮ ਅਮਨਦੀਪ ਸ਼ਰਮਾ, ਤਰਸੇਮ ਚੰਦ ਖਿਲੂ, ਨਰਿੰਦਰ ਕੁਮਾਰ, ਹਰਦੀਪ ਸਿੰਘ ਦੀਪਾ, ਦੀਪ ਆਦਿ ਸਮੂਹ ਨਗਰ ਕੌਂਸਲ ਦੇ ਕਰਮਚਾਰੀ ਮੌਜੂਦ ਸਨ।