ਮਸਲੇ ਹੱਲ ਨਾ ਹੋਣ ’ਤੇ ਬੱਸਾਂ ਦਾ ਚੱਕਾ ਜਾਮ ਕਰਨ ਦੀ ਚਿਤਾਵਨੀ
ਸ਼ਗਨ ਕਟਾਰੀਆ
ਬਠਿੰਡਾ, 7 ਜੁਲਾਈ
ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਅੱਜ ਇੱਥੇ ਪੀਆਰਟੀਸੀ ਡਿੱਪੂ ਦੇ ਗੇਟ ਅੱਗੇ ਰੈਲੀ ਕੀਤੀ।ਰੈਲੀ ਦੌਰਾਨ ਸੂਬਾ ਆਗੂ ਕੁਲਵੰਤ ਸਿੰਘ ਮਨੇਸ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਤਿੰਨ ਸਾਲਾਂ ’ਚ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਨੇ 1 ਜੁਲਾਈ 2024 ਨੂੰ ਮੁਲਾਜ਼ਮਾਂ ਨਾਲ ਮੀਟਿੰਗ ਦੌਰਾਨ ਮਹੀਨੇ ਦੇ ਅੰਦਰ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਸੀ, ਪਰ ਸਾਲ ਬੀਤਣ ’ਤੇ ਵੀ ਕੋਈ ਸਮੱਸਿਆ ਹੱਲ ਨਹੀਂ ਕੀਤੀ ਗਈ। ਡਿੱਪੂ ਪ੍ਰਧਾਨ ਰਵਿੰਦਰ ਬਰਾੜ ਨੇ ਟਰਾਂਸਪੋਰਟ ਵਿਭਾਗ ਵਿਚਲੇ ਕੱਚੇ ਮੁਲਾਜ਼ਮਾਂ ਦਾ ਠੇਕੇਦਾਰਾਂ ਵੱਲੋਂ ਸ਼ੋਸ਼ਣ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਠੇਕੇਦਾਰੀ ਸਿਸਟਮ ਤਹਿਤ ਕਥਿਤ ਵੱਡੀ ਰਿਸ਼ਵਤਖੋਰੀ ਹੋ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਫੌਰੀ ਮੰਨੇ, ਬਲੈਕ ਲਿਸਟ ਅਤੇ ਅਪੀਲ ਰਿਜੈਕਟ ਹੋਏ ਵਰਕਰਾਂ ਨੂੰ ਇੱਕ ਮੌਕਾ ਦਿੰਦੇ ਹੋਏ ਮੁੜ ਡਿਊਟੀ ’ਤੇ ਬਹਾਲ ਕਰੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਹੋਵੇ, ਤਨਖਾਹਾਂ ਵਿੱਚ ਇਕਸਾਰਤਾ ਲਿਆਂਦੀ ਜਾਵੇ, ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਬੰਦ ਹੋਣ, ਸਰਕਾਰੀ ਬੱਸਾਂ ਦਾ ਫਲੀਟ 10 ਹਜ਼ਾਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 9, 10 ਤੇ 11 ਜੁਲਾਈ ਨੂੰ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ।