‘ਯੁੱਧ ਨਸ਼ਿਆਂ ਵਿਰੁੱਧ’: ਮੋਗਾ ਪੁਲੀਸ ਵੱਲੋਂ ਨਸ਼ਿਆਂ ਦਾ ਵੱਡਾ ਭੰਡਾਰ ਨਸ਼ਟ
ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਜੂਨ
ਇੱਥੇ ਜ਼ਿਲ੍ਹਾ ਡਰੱਗ ਡਿਸਪੋਜ਼ਲ ਕਮੇਟੀ ਚੇਅਰਮੈਨ-ਕਮ-ਐੱਸਐੱਸਪੀ ਅਜੇ ਗਾਂਧੀ, ਕਮੇਟੀ ਮੈਂਬਰ ਐੱਸਪੀ ਡਾ. ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀਐੱਸਪੀ (ਡੀ) ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਨਿਗਰਾਨੀ ਹੇਠ ਪੁਲੀਸ ਨੇ ਅਦਾਲਤ ਵਿੱਚੋਂ ਹੁਕਮ ਪ੍ਰਾਪਤ ਹੋਣ ’ਤੇ ਮਾਮਲਿਆਂ ਵਿੱਚ ਜ਼ਬਤ ਕੀਤੇ ਗਏ ਨਸ਼ਿਆਂ ਦੇ ਵੱਡੇ ਭੰਡਾਰ ਨੂੰ ਨਸ਼ਟ ਕੀਤਾ ਹੈ। ਜ਼ਿਲ੍ਹਾ ਡਰੱਗ ਡਿਸਪੋਜ਼ਲ ਕਮੇਟੀ ਚੇਅਰਮੈਨ ਕਮ-ਐੱਸਐੱਸਪੀ ਅਜੇ ਗਾਂਧੀ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ 90 ਕੇਸਾਂ ਵਿੱਚ ਬਰਾਮਦ 1649 ਕਿਲੋਗ੍ਰਾਮ ਭੁੱਕੀ, 4 ਕਿਲੋ 812 ਗ੍ਰਾਮ ਹੈਰੋਇਨ ਤੇ ਹੋਰ ਨਸ਼ੀਲੇ ਕੈਪਸੂਲ ਆਦਿ ਨੂੰ ਅਦਾਲਤ ਵਿੱਚੋਂ ਹੁਕਮ ਪ੍ਰਾਪਤ ਹੋਣ ਉੱਤੇ ਨਸ਼ਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪੰਜਾਬ ’ਚੋਂ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਲਈ ਮੀਟਿੰਗਾਂ ਅਤੇ ਸੈਮੀਨਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਨਸ਼ਾ ਵੇਚਦਾ ਹੈ, ਉਹ ਇਸ ਬਾਰੇ ਜਾਣਕਾਰੀ ਤੁਰੰਤ ਪੁਲੀਸ ਨੂੰ ਦੇਣ, ਤਾਂ ਜੋ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਮੁਕਤਸਰ: ਪੁਲੀਸ ਵੱਲੋਂ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ’ਤੇ ਤਲਾਸ਼ੀ ਮੁਹਿੰਮ
ਗਿੱਦੜਬਾਹਾ (ਪੱਤਰ ਪ੍ਰੇਰਕ): ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਐੱਸਐੱਸਪੀ ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਸਰਚ ਅਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ’ਚ ਸਥਿਤ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਪੁਲੀਸ ਟੀਮਾਂ ਨੇ ਕਾਰਵਾਈ ਕੀਤੀ। ਇਹ ਅਪਰੇਸ਼ਨ ਐੱਸਐੱਸਪੀ ਡਾ. ਅਖਿਲ ਚੌਧਰੀ ਦੀ ਸਿੱਧੀ ਨਿਗਰਾਨੀ ਹੇਠ ਐੱਸਪੀ (ਡੀ) ਮਨਮੀਤ ਸਿੰਘ ਢਿੱਲੋਂ, ਡੀਐੱਸਪੀ ਨਵੀਨ ਕੁਮਾਰ (ਸ੍ਰੀ ਮੁਕਤਸਰ ਸਾਹਿਬ), ਡੀਐੱਸਪੀ ਇਕਬਾਲ ਸਿੰਘ (ਮਲੋਟ), ਡੀਐੱਸਪੀ ਅਵਤਾਰ ਸਿੰਘ (ਗਿੱਦੜਬਾਹਾ), ਡੀਐੱਸਪੀ ਜਸਪਾਲ ਸਿੰਘ (ਲੰਬੀ) ਨੇ ਆਪਣੇ ਇਲਾਕਿਆਂ ’ਚ ਨੇਪਰੇ ਚਾੜ੍ਹਿਆ। ਇਸ ਤੋਂ ਇਲਾਵਾ ਸੀਸੀਟੀਵੀ ਰਾਹੀਂ ਵੀ ਸਟੇਸ਼ਨਾਂ ਦੀ ਲਾਈਵ ਮੋਨੀਟਰਿੰਗ ਕੀਤੀ ਗਈ। ਐੱਸਐੱਸਪੀ ਡਾ. ਚੌਧਰੀ ਨੇ ਦੱਸਿਆ ਕਿ ਸਾਰੇ ਅਪਰੇਸ਼ਨ ਦੌਰਾਨ ਕਿਸੇ ਵੀ ਕਿਸਮ ਦੀ ਗੜਬੜ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।