ਸ਼ਗਨ ਕਟਾਰੀਆ
ਬਠਿੰਡਾ, 13 ਜੁਲਾਈ
ਈਟੀਟੀ (ਐਲੀਮੈਂਟਰੀ ਟੀਚਰਜ਼ ਟਰੇਨਿੰਗ) ਅਤੇ ਟੈੱਟ (ਟੀਚਰਜ਼ ਐਲਿਜੀਬਿਲਟੀ ਟੈਸਟ) ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਸੂਬਾ ਪੱਧਰੀ ਇਜਲਾਸ ਕਰਕੇ ਸੁਨੀਲ ਗਗਨ ਫ਼ਾਜ਼ਿਲਕਾ ਨੂੰ ਆਪਣਾ ਨਵਾਂ ਸੂਬਾ ਪ੍ਰਧਾਨ ਚੁਣਿਆ ਹੈ।
ਇੱਥੇ ਚਿਲਡਰਨ ਪਾਰਕ ’ਚ ਹੋਏ ਇਜਲਾਸ ਦੌਰਾਨ ਜਥੇਬੰਦੀ ਨੇ ਆਪਣੀ ਸੂਬਾ ਕਮੇਟੀ ਦਾ ਵੀ ਵਿਸਥਾਰ ਕੀਤਾ ਹੈ। ਇਜਲਾਸ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਸੂਬੇ ਅੰਦਰ ਸਰਕਾਰੀ ਸਕੂਲਾਂ ’ਚ ਈਟੀਟੀ ਅਧਿਆਪਕਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਲਈ ਤੁਰੰਤ ਇਸ਼ਤਿਹਾਰ ਜਾਰੀ ਕਰਕੇ ਨਿਯੁਕਤੀਆਂ ਕੀਤੀਆਂ ਜਾਣ। ਇਹ ਵੀ ਧਿਆਨ ’ਚ ਲਿਆਂਦਾ ਗਿਆ ਕਿ ਜੇਕਰ ਇਹ ਨਿਯੁਕਤੀਆਂ ਜਲਦ ਨਾ ਕੀਤੀਆਂ ਗਈਆਂ, ਤਾਂ ਬੇਰੁਜ਼ਗਾਰ ਅਧਿਆਪਕਾਂ ਦਾ ਇੱਕ ਖ਼ਾਸਾ ਵਰਗ ਓਵਰਏਜ਼ ਹੋ ਜਾਵੇਗਾ ਅਤੇ ਇੰਜ ਵੀਹ-ਵੀਹ ਸਾਲ ਲਾ ਕੇ ਕੀਤੀ ਕਮਾਈ ਖੂਹ ਖਾਤੇ ਪੈ ਜਾਵੇਗੀ।
ਜਥੇਬੰਦੀ ਦੇ ਪ੍ਰੈੱਸ ਸਕੱਤਰ ਨਵਦੀਪ ਬੱਲੀ ਨੇ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਦੱਸਿਆ ਕਿ ਹੋਈ ਚੋਣ ਵਿਚ ਬਲਵੰਤ ਪਟਿਆਲਾ ਨੂੰ ਉਪ ਪ੍ਰਧਾਨ, ਨਵਦੀਪ, ਰਾਜਦੀਪ ਅਤੇ ਸੰਦੀਪ ਸਿੰਘ ਨੂੰ ਪ੍ਰੈੱਸ ਸਕੱਤਰ, ਜਨਰਲ ਸਕੱਤਰ ਰਾਜਿੰਦਰ ਸਿੰਘ, ਸਕੱਤਰ ਹੈਪੀ, ਖ਼ਜ਼ਾਨਚੀ ਪਰਮਜੀਤ ਸਿੰਘ, ਪੰਕਜ ਤੇ ਰੈਨੂੰ, ਸਲਾਹਕਾਰ ਮਨਪ੍ਰੀਤ ਮਾਨਸਾ, ਪਰਮਜੀਤ ਸਿੰਘ ਅਤੇ ਅਮਨਦੀਪ ਕੰਬੋਜ ਨੂੰ ਚੁਣਿਆ ਗਿਆ। ਮਹਿਲਾ ਵਿੰਗ ਦੀ ਅਗਵਾਈ ਪ੍ਰਿਆ ਮੁਕਤਸਰ ਅਤੇ ਆਂਚਲ ਨੂੰ ਸੌਂਪੀ ਗਈ। ਕਾਰਜਕਾਰੀ ਕਮੇਟੀ ਵਿੱਚ ਮੈਂਬਰ ਵਜੋਂ ਜੋਤੀ, ਸਿਮਰਨਜੋਤ ਕੌਰ, ਅੰਕੁਸ਼, ਜੀਵਨ ਸਿੰਘ ਤੇ ਸ਼ਿਵਮ ਨੂੰ ਲਿਆ ਗਿਆ। ਇਹ ਚੋਣ ਸਮੁੱਚੇ ਕਾਡਰ ਨੇ ਸਰਬਸੰਮਤੀ ਨਾਲ ਕੀਤੀ।
ਇਸ ਦੌਰਾਨ ਘਰਾਂ ’ਚ ਬੈਠੇ ਬੇਰੁਜ਼ਗਾਰ ਅਧਿਆਪਕਾਂ ਨੂੰ ਜਥੇਬੰਦੀ ਨਾਲ ਜੁੜਨ ਦੀ ਅਪੀਲ ਵੀ ਕੀਤੀ ਗਈ।