ਇਫਟੂ ਦੇ ਸੂਬਾਈ ਆਗੂ ਕਾਮਰੇਡ ਰਾਜ ਸਿੰਘ ਨੂੰ ਸ਼ਰਧਾਂਜਲੀਆਂ
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵੱਲੋਂ ਇਫਟੂ ਪੰਜਾਬ ਕਮੇਟੀ ਦੇ ਜਨਰਲ ਸਕੱਤਰ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਮਰਹੂਮ ਕਾਮਰੇਡ ਰਾਜ ਸਿੰਘ ਦੀ ਯਾਦ ਵਿੱਚ ਸੂਬਾਈ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸ਼ਰਧਾਂਜਲੀ ਭੇਟ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਤੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ ਨੇ ਕਿਹਾ ਅੱਜ ਸਾਰਿਆਂ ਨੂੰ ਰਾਜ ਸਿੰਘ ਦੇ ਅਧੂਰੇ ਰਹਿ ਗਏ ਕਾਰਜਾਂ ਨੂੰ ਪੂਰਾ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਅਤੇ ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਰਾਜ ਸਿੰਘ ਇਫਟੂ ਦੇ ਸੰਸਥਾਪਕਾਂ ’ਚੋਂ ਇੱਕ ਸਨ, ਜੋ 1978 ਵਿੱਚ ਬਣੀ। ਉਨ੍ਹਾਂ ਕਿਰਤੀਆਂ ਨੂੰ ਜਥੇਬੰਦ ਕੀਤਾ, ਸੰਘਰਸ਼ਾਂ ਵਿੱਚ ਯੋਗਦਾਨ ਪਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਲੈ ਕੇ ਦਿੱਤੇ। ਉਨ੍ਹਾਂ ਕਿਹਾ ਕਿ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਕਾਮਰੇਡ ਰਾਜ ਸਿੰਘ ਦੀ ਮੌਤ ਦੱਬੇ-ਕੁਚਲੇ ਮਜ਼ਦੂਰ ਵਰਗ ਲਈ ਅਤੇ ਕ੍ਰਾਂਤੀਕਾਰੀ ਟਰੇਡ ਯੂਨੀਅਨ ਲਹਿਰ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਪੁਲੀਸ ਰਾਜ ਸਥਾਪਤ ਹੋ ਚੁੱਕਾ ਹੈ।ਉਨ੍ਹਾਂ 25 ਜੁਲਾਈ ਨੂੰ ਪੁਲੀਸ ਜਬਰ ਵਿਰੁੱਧ ਸੰਗਰੂਰ ਵਿੱਚ ਕੀਤੀ ਜਾ ਰਹੀ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਸੁਖਦੇਵ ਗੁਰਦਾਸਪੁਰ, ਰਮੇਸ਼ ਕੁਮਾਰ ਨੂਰਪੁਰ ਬੇਦੀ, ਤਰਸੇਮ ਜੱਟਪੁਰਾ, ਦਲੀਪ ਕੁਮਾਰ ਅਬੋਹਰ, ਜਗਸੀਰ ਸੂਬਾ ਕਮੇਟੀ ਮੈਂਬਰ, ਅਵਤਾਰ ਸਿੰਘ ਖਾਲਸਾ, ਜਸਵਿੰਦਰ ਸਿੰਘ ਝਬੇਲਵਾਲੀ, ਚਰਨਜੀਤ ਕੌਰ ਬਰਨਾਲਾ, ਪਰਵਾਜ਼ ਪੰਜਾਬ ਦੇ ਕੋ-ਕਨਵੀਨਰ ਇਕਬਾਲ ਉਦਾਸੀ, ਪੀਐੱਸਯੂ ਦੇ ਆਗੂ ਧੀਰਜ ਕੁਮਾਰ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਮਹਿੰਦਰਪਾਲ ਖੋਖਰ ਨੇ ਵੀ ਰਾਜ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਅੰਤ ’ਚ ਰਾਜ ਸਿੰਘ ਦੀ ਪਤਨੀ ਸਵਰਨ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।