ਮਾਲਵੇ ਦੀ ਧਰਤੀ ਇਤਿਹਾਸਕ ਘਟਨਾਵਾਂ ਦੀ ਗਵਾਹ: ਸੰਧਵਾਂ
ਸ਼ਗਨ ਕਟਾਰੀਆ
ਬਠਿੰਡਾ, 17 ਜੂਨ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਸਾਡੀ ਸੱਭਿਆਚਾਰਕ ਵਿਰਾਸਤ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਇਨ੍ਹਾਂ ’ਚੋਂ ਹਮੇਸ਼ਾ ਸਰਬੱਤ ਦੇ ਭਲੇ ਦੀ ਭਾਵਨਾ ਉਭਰਦੀ ਹੈ। ਉਨ੍ਹਾਂ ਕਿਹਾ ਕਿ ਮਾਲਵੇ ਦੀ ਧਰਤੀ ਸਿਰਫ਼ ਖੇਤੀਬਾੜੀ ਲਈ ਹੀ ਉਪਜਾਊ ਨਹੀਂ ਸਗੋਂ ਇਤਿਹਾਸ ਦੀਆਂ ਵੱਡੀਆਂ ਘਟਨਾਵਾਂ ਦੀ ਵੀ ਗਵਾਹ ਹੈ। ਸ੍ਰੀ ਸੰਧਵਾਂ ਨੇ ਇਹ ਵਿਚਾਰ ਹਿੰਦੀ ਭਾਸ਼ਾ ਦੇ ਇੱਕ ਅਖ਼ਬਾਰ ਵੱਲੋਂ ਇੱਥੇ ਕਰਵਾਏ ਸਮਾਗਮ ‘ਸ਼ਾਨ-ਏ-ਮਾਲਵਾ ਐਵਾਰਡ’ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਪ੍ਰਬੰਧਕਾਂ ਨੂੰ ਐਵਾਰਡ ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ਮਾਲਵੇ ਦੇ ਇਲਾਕੇ ਬਾਰੇ ਇੱਕ ਪੁਰਾਣੀ ਕਹਾਵਤ ‘ਰੋਹੀਆਂ ਦਾ ਦੇਸ਼ ਮਾਲਵਾ’ ਪ੍ਰਚੱਲਤ ਰਹੀ ਹੈ। ਉਨ੍ਹਾਂ ਕਿਹਾ ਜਦੋਂ ਰੋਹੀ-ਬੀਆਬਾਨ ਦਾ ਜ਼ਿਕਰ ਛਿੜਦਾ ਹੈ ਤਾਂ ਟਿੱਬੇ, ਰੇਤਾ, ਲੇਹਾ, ਬੇਰੀਆਂ, ਚਿੱਬੜ, ਕੌੜ-ਤੁੰਮੇ, ਕਿੱਕਰਾਂ, ਜੰਡ, ਰੇਰੂ, ਰਹੂੜੇ ਦੇ ਦਰਖ਼ਤ, ਨਰਮੇ ਦੇ ਖੇਤਾਂ ਦਾ ਦ੍ਰਿਸ਼ ਸਹਿਜੇ ਹੀ ਅੱਖਾਂ ਅੱਗੇ ਘੁੰਮ ਜਾਂਦਾ ਹੈ। ਸ੍ਰੀ ਸੰਧਵਾਂ ਨੇ ਕਿਹਾ ਕਿ ਮਾਲਵਾ ਪੰਜਾਬ ਦਾ ਦਿਲ ਹੈ। ਉਨ੍ਹਾਂ ਕਿਹਾ ਕਿ ਇਹ ਉਹ ਧਰਤੀ ਹੈ ਜਿੱਥੇ ਸੂਫ਼ੀ ਸੰਤਾਂ, ਪੀਰਾਂ ਤੇ ਪੈਗੰਬਰਾਂ ਨੇ ਆਪਣੀ ਬਾਣੀ ਰਾਹੀਂ ਸੱਚ ਅਤੇ ਪ੍ਰੇਮ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਸਾਹਿਤ ਦੇ ਖੇਤਰ ਵਿੱਚ ਵੀ ਮਾਲਵੇ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਇੱਥੋਂ ਦੇ ਕਵੀਸ਼ਰਾਂ ਅਤੇ ਕਿਰਤੀਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਅਮਰ ਕਵੀ ਸੰਤ ਰਾਮ ਉਦਾਸੀ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਰਚਨਾਵਾਂ ਨਾਲ ਹੋਰ ਗੂੜ੍ਹਾ ਕਰਦਿਆਂ, ਲੋਕ ਭਾਵਨਾਵਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ। ਸਪੀਕਰ ਸ੍ਰੀ ਸੰਧਵਾਂ ਨੇ ਸਿੱਖਿਆ, ਸਿਹਤ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਬਠਿੰਡਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਕਈ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ।