ਜੋਗਿੰਦਰ ਸਿੰਘ ਮਾਨ
ਮਾਨਸਾ, 13 ਜੁਲਾਈ
ਮਾਨਸਾ ਵਿੱਚ ਮੀਂਹ ਅਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਹੋਣ ਕਾਰਨ ਮੁਹੱਲਾ ਵੀਰ ਨਗਰ ਦੇ ਲੋਕਾਂ ਵੱਲੋਂ ਰੇਲਵੇ ਫਾਟਕ ਨੇੜੇ ਲਾਇਆ ਧਰਨਾ ਅੱਜ ਪੰਜਵੇਂ ਦਿਨ ਵਿਧਾਇਕ ਡਾ. ਵਿਜੈ ਸਿੰਗਲਾ ਦੇ ਭਰੋਸਾ ਮਗਰੋਂ ਸਮਾਪਤ ਹੋ ਗਿਆ। ਵਿਧਾਇਕ ਨੇ ਆਖਿਆ ਕਿ ਭਾਰੀ ਮੀਂਹ ਪੈਣ ਤੇ ਪਾਣੀ ਦੀ ਨਿਕਾਸੀ ਲਈ ਜਗ੍ਹਾ ਨਾ ਹੋਣ ਕਾਰਨ ਸਮੱਸਿਆ ਆਈ ਹੈ ਪਰ ਨਗਰ ਕੌਂਸਲ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਮੋਟਰ ਪੰਪ ਅਤੇ ਬਰਮੇ ਲਾਕੇ ਗਲੀਆਂ ’ਚੋਂ ਪਾਣੀ ਕੱਢਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਵਾਸੀ ਵੀਰ ਨਗਰ ਮੁਹੱਲਾ ਵਿੱਚ ਪਾਣੀ ਭਰਨ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰ ਰੇਲਵੇ ਫਾਟਕ ਨੇੜੇ ਧਰਨੇ ’ਤੇ ਬੈਠੇ ਹੋਏ ਸਨ, ਜਿਸ ਨਾਲ ਫਾਟਕ ਦੀ ਆਵਾਜਾਈ ਰੁਕੀ ਹੋਈ ਸੀ ਅਤੇ ਟਰੈਫ਼ਿਕ ਨੂੰ ਬਦਲਵੇਂ ਰਸਤਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ।
ਧਰਨਾਕਾਰੀਆਂ ਨੇ ਵੀ ਵਿਧਾਇਕ ਨੂੰ ਇਸ ਸਮੱਸਿਆ ਸਬੰਧੀ ਤਿੱਖੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਗੰਦਾ ਪਾਣੀ ਭਰਨ ਨਾਲ ਰੋਟੀ-ਪਾਣੀ ਖਾਣ ਵੀ ਦੁੱਭਰ ਹੋਇਆ ਪਿਆ ਹੈ। ਧਰਨੇ ਵਿੱਚ ਸ਼ਾਮਲ ਔਰਤਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਘਣਸ਼ਾਮ ਨਿੱਕੂ ਨੇ ਕਿਹਾ ਕਿ ਵਿਧਾਇਕ ਵਿਜੈ ਸਿੰਗਲਾ ਵੱਲੋਂ ਸਮੱਸਿਆ ਦਾ ਛੇਤੀ ਹੱਲ ਕਰਨ ਦੇ ਭਰੋਸੇ ਨਾਲ ਇੱਕ ਵਾਰ ਇਹ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਮੁੜ ਧਰਨਾ ਲਾਇਆ ਜਾਵੇਗਾ।