ਜੋਗਿੰਦਰ ਸਿੰਘ ਮਾਨ
ਮਾਨਸਾ, 28 ਮਈ
ਪੰਜਾਬ ਵਿੱਚ ਪੈ ਰਹੀ ਭਾਰੀ ਗਰਮੀ ਦੇ ਦਿਨਾਂ ਦੌਰਾਨ ਸ਼ਹਿਰਾਂ ਵਿੱਚ ਫੈਲ ਰਹੀ ਗੰਦਗੀ ਸਮੇਂ ਮਾਨਸਾ ਦੇ ਸਫ਼ਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਕੰਮ ਛੋੜ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਜਥੇਬੰਦੀ ਵੱਲੋਂ ਦਫ਼ਤਰ ਅੱਗੇ ਧਰਨਾ ਲਾਇਆ। ਸਫ਼ਾਈ ਸੇਵਕਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਓਨਾ ਚਿਰ ਤੱਕ ਉਹ ਕੰਮ ’ਤੇ ਨਹੀਂ ਆਉਣਗੇ।
ਸਫ਼ਾਈ ਸੇਵਕ ਯੂਨੀਅਨ ਮਾਨਸਾ ਦੇ ਪ੍ਰਧਾਨ ਮਨੋਜ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ 12 ਮਈ ਨੂੰ ਮੀਟਿੰਗ ’ਚ ਮਤਾ ਪਾਇਆ ਸੀ ਅਤੇ ਇਸ ਬਾਰੇ ਪ੍ਰਧਾਨ, ਨਗਰ ਕੌਂਸਲ ਮਾਨਸਾ ਦੇ ਕਾਰਜ ਸਾਧਕ ਅਫ਼ਸਰ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਰਾਹੀਂ ਜਾਣੂ ਕਰਵਾਇਆ ਗਿਆ ਸੀ, ਪ੍ਰੰਤੂ ਕੌਂਸਲ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ, ਜਿਸ ਕਾਰਨ ਮਜ਼ਬੂਰ ਉਨ੍ਹਾਂ ਨੂੰ ਕੰਮ ਛੋੜ ਹੜਤਾਲ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ’ਚ ਕੰਮ ਕਰਦੇ 105 ਆਊਟਸੋਰਸ ਸਫ਼ਾਈ ਕਰਮਚਾਰੀਆਂ ਨੂੰ ਠੇਕਾ ’ਤੇ ਕਰਨ, ਰੈਗੂਲਰ ਸਫ਼ਾਈ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਵਰਦੀਆਂ ਅਤੇ ਸਾਬਣਾਂ ਸਮੇਤ ਹੋਰ ਮੰਗਾਂ ਨੂੰ ਲੈ ਕੇ ਇਹ ਹੜਤਾਲ ਆਰੰਭ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਵੱਲੋਂ ਅਜੇ ਵੀ ਉਨ੍ਹਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।
ਇਸ ਮੌਕੇ ਪ੍ਰਵੀਨ ਕੁਮਾਰ, ਸੰਜੀਵ ਕੁਮਾਰ, ਮੁਕੇਸ਼ ਕੁਮਾਰ, ਪਵਨ ਕੁਮਾਰ, ਵਿਨੋਦ ਕੁਮਾਰ, ਰਾਜ ਕੁਮਾਰ ਤੇ ਸੁਖਦੇਵ ਸਿੰਘ ਹਾਜ਼ਰ ਸਨ।