ਸੰਧਵਾਂ ਨੇ ਕੋਟਕਪੂਰਾ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 14 ਮਈ
ਇਥੋਂ ਦੇ ਅਨੰਦ ਨਗਰ ਦੇ ਨਿਵਾਸੀਆਂ ਨੂੰ ਪਿਛਲੇ ਕਾਫੀ ਅਰਸੇ ਤੋਂ ਪੀਣ ਵਾਲੇ ਪਾਣੀ, ਸੀਵਰੇਜ ਦੀ ਲੀਕੇਜ ਅਤੇ ਸੜਕ ਟੁੱਟੀ ਹੋਣ ਕਰਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੁਦ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਮੁਹੱਲੇ ਵਿੱਚ ਪਹੁੰਚੇ। ਉਨ੍ਹਾਂ ਮੁਹੱਲਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਕਈ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ।
ਮੁਹੱਲਾ ਨਿਵਾਸੀ ਰਜਿੰਦਰ ਸਿੰਘ ਸਰਾ, ਰੋਮਾ ਬਰਾੜ, ਮਨਦੀਪ ਕੌਰ, ਸੁਰਿੰਦਰ ਕੌਰ ਬਰਾੜ, ਜਸਵੀਰ ਕੌਰ, ਕਵਿਤਾ ਦਿਵੇਦੀ ਅਤੇ ਬਲਵਿੰਦਰ ਕੌਰ ਨੇ ਦੱਸਿਆ ਕਿ ਅਨੰਦ ਨਗਰ ਵਿੱਚ ਉਹ ਪਿਛਲੇ ਕਾਫੀ ਅਰਸੇ ਤੋਂ ਰਹਿ ਰਹੇ ਹਨ ਪਰ ਹੁਣ 5-7 ਸਾਲ ਪਹਿਲਾਂ ਵਾਲਾ ਅਨੰਦ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਹੁਣ ਤਾਂ ਨਗਰ ਨੂੰ ਚਾਰੇ ਪਾਸੇ ਤੋਂ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ ਅਤੇ ਪੂਰਾ ਮਹੁੱਲਾ ਛੱਪੜ ਬਣਿਆ ਮਹਿਸੂਸ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪੀਣ ਵਾਲਾ ਪਾਣੀ ਘੱਟ ਸਪਲਾਈ ਹੁੰਦਾ ਹੈ ਅਤੇ ਜੇ ਆਵੇ ਵੀ ਤਾਂ ਸੀਵਰੇਜ ਦੀ ਬਦਬੂ ਵਾਲਾ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਮੁਹੱਲੇ ਦੀਆਂ ਮੁੱਖ ਸੜਕਾਂ ਦਾ ਕਾਫੀ ਮਾੜਾ ਹੈ ਅਤੇ ਥਾਂ-ਥਾਂ ਤੋਂ ਟੁੱਟੀਆਂ ਹੋਈਆਂ ਅਤੇ ਟੋਇਆਂ ਭਰਪੂਰ ਹਨ। ਮੁਹੱਲਾ ਨਿਵਾਸੀਆਂ ਤੋਂ ਉਨ੍ਹਾਂ ਦੀਆਂ ਮਸ਼ਕਿਲਾਂ ਸੁਣਨ ਮਗਰੋਂ ਸਪੀਕਰ ਸੰਧਵਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਤਰੁੰਤ ਹਦਾਇਤਾਂ ਕੀਤੀਆਂ ਕਿ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀਆਂ ਮੁਸ਼ਕਲਾਂ ਸਿਰਫ ਪ੍ਰਬੰਧਕੀ ਅਣਦੇਖੀ ਕਰਕੇ ਹਨ ਉਨ੍ਹਾਂ ਨੂੰ ਤਰੁੰਤ ਹੱਲ ਕੀਤਾ ਜਾਵੇ ਅਤੇ ਬਾਕੀ ਜਿਨ੍ਹਾਂ ਵਾਸਤੇ ਫੰਡਾਂ ਦੀ ਜ਼ਰੂਰਤ ਹੈ ਉਸ ਲਈ ਲੋੜੀਂਦੇ ਫੰਡਾਂ ਦਾ ਕੇਸ ਬਣਾਕੇ ਸਰਕਾਰ ਪਾਸ ਭੇਜਿਆ ਜਾਵੇ।