ਪਾਵਰਕੌਮ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਐਕਸੀਅਨ ਦਫ਼ਤਰ ਅੱਗੇ ਧਰਨਾ
ਪਾਵਰਕੌਮ ਗਿੱਦੜਬਾਹਾ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਮੰਡਲ ਪ੍ਰਧਾਨ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਐਕਸੀਅਨ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਡਿਵੀਜ਼ਨ ਆਗੂ ਮੇਘ ਰਾਜ ਬੁੱਟਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੁਲਾਜ਼ਮਾਂ ਦਾ ਸਰਕਾਰ ਵੱਲ ਰਹਿੰਦਾ ਏਰੀਅਰ ਅਪਰੈਲ ਮਹੀਨੇ ਤੋਂ ਕਿਸ਼ਤਾਂ ਵਿੱਚ ਅਦਾ ਕੀਤਾ ਜਾਣਾ ਸੀ, ਜਦਕਿ ਐਕਸੀਅਨ ਗਿੱਦੜਬਾਹਾ ਵੱਲੋਂ ਇਹ ਏਰੀਅਰ ਹਾਲੇ ਤੱਕ ਅਦਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਰਿਟਾਇਰ ਮੁਲਾਜ਼ਮਾਂ ਦੇ ਮੈਡੀਕਲ ਬਿੱਲ ਅਤੇ ਹੋਰ ਛੋਟੇ ਮੋਟੇ ਕੰਮਾਂ ਨੂੰ ਦਫ਼ਤਰ ਵੱਲੋਂ ਜਾਣ-ਬੁੱਝ ਕੇ ਲੇਟ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਮੰਗਾਂ ਸਬੰਧੀ ਐੱਸਡੀਐੱਮ ਗਿੱਦੜਬਾਹਾ ਨੂੰ ਮਿਲੇ ਹਨ ਅਤੇ ਉਨ੍ਹਾਂ 7 ਦਿਨਾਂ ਦੇ ਅੰਦਰ ਸੇਵਾ ਮੁਕਤ ਮੁਲਾਜ਼ਮਾਂ ਦਾ ਲੀਵ ਐਨਕੈਸ਼ਮੈਂਟ ਦਾ ਏਰੀਅਰ ਦਿਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾ ਕਿਹਾ ਕਿ ਜੇਕਰ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹਰਜੀਤ ਸਿੰਘ ਗੂੜ੍ਹੀ ਸੰਘਰ, ਰੌਸ਼ਨ ਲਾਲ ਛੱਤੇਆਣਾ, ਜਗਦੀਪ ਸਿੰਘ ਜਗਸੀਰ ਸਿੰਘ, ਹਰਬੰਸ ਸਿੰਘ ਅਤੇ ਜਰਨੈਲ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ।