ਅੱਜ ਪਏ ਮੀਂਹ ਨੇ ਖੇਤਰ ਵਿੱਚ ਲਹਿਰਾਂ-ਬਹਿਰਾਂ ਲਾ ਦਿੱਤੀਆਂ। ਭਰਵੇਂ ਮੀਂਹ ਤੋਂ ਬਾਅਦ ਰੁਕ-ਰੁਕ ਕੇ ਪੈਂਦੀਆਂ ਰਹੀਆਂ ਕਣੀਆਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਕਿਸਾਨਾਂ ਨੇ ਅੱਜ ਸਾਰਾ ਦਿਨ ਮੋਟਰਾਂ ਬੰਦ ਕਰਕੇ ਪਿਛੇਤਾ ਝੋਨਾ ਅਤੇ ਅਗੇਤੀ ਬਾਸਮਤੀ ਨੂੰ ਲਾਉਣ ਦਾ ਕੰਮ ਜਾਰੀ ਰੱਖਿਆ।
ਖੇਤੀ ਮਾਹਿਰਾਂ ਨੇ ਇਸ ਮੀਂਹ ਨੂੰ ਸਾਰੀਆਂ ਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਦਾ ਕਹਿਣਾ ਹੈ ਕਿ ਤਾਜ਼ਾ ਪੈ ਰਹੀ ਇਹ ਵਰਖਾ ਸਾਉਣੀ ਦੀਆਂ ਫ਼ਸਲਾਂ ਨੂੰ ਦੇਸੀ ਘਿਓ ਵਾਂਗ ਕੰਮ ਕਰੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਦਾ ਕਹਿਣਾ ਹੈ ਕਿ ਮੀਂਹ ਦੇ ਪਾਣੀ ਵਿਚ ਅਨੇਕਾਂ ਕਿਸਮ ਦੇ ਅਜਿਹੇ ਤੱਤ ਹੁੰਦੇ ਹਨ, ਜੋ ਫ਼ਸਲਾਂ ਦੀ ਭਰਪੂਰ ਝਾੜ ਲਈ ਅਖੀਰ ਤੱਕ ਕੰਮ ਕਰਦੇ ਰਹਿੰਦੇ ਹਨ।
ਭਦੌੜ (ਰਾਜਿੰਦਰ ਵਰਮਾ): ਸਾਉਣ ਮਹੀਨੇ ਦੇ ਪਹਿਲੇ ਭਦੌੜ ’ਚ ਭਰਵਾਂ ਮੀਂਹ ਪਿਆ। ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਅਤੇ ਬੱਚਿਆਂ ਨੇ ਮੀਂਹ ਚ ਨਹਾ ਕੇ ਖੂਬ ਆਨੰਦ ਮਾਣਿਆ। ਕਿਸਾਨ ਰਾਜਵਿੰਦਰ ਸਿੰਘ ਸਿੱਧੂ, ਗੁਰਮੇਲ ਸਿੰਘ, ਸਤੀਸ਼ ਕਲਸੀ,ਬਾਘ ਸਿੰਘ ਮਾਨ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮੀਂਹ ਝੋਨੇ ਦੀ ਫਸਲ ਨੂੰ ਦੇਸੀ ਘਿਓ ਵਾਂਗ ਲੱਗੇਗਾ। ਦੂਜੇ ਪਾਸੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਢਿੱਲੇ ਨਜ਼ਰ ਆਏ। ਜੈਦ ਮਾਰਕੀਟ ’ਚ ਪਾਣੀ ਵੱਡੀ ਪੱਧਰ ’ਤੇ ਭਰ ਗਿਆ ਤੇ ਦੁਕਾਨਾਂ ’ਚ ਪਾਣੀ ਵੜ ਗਿਆ। ਦੁਕਾਨਦਾਰ ਆਪਣੀਆਂ ਦੁਕਾਨਾਂ ’ਚੋਂ ਪਾਣੀ ਕੱਢਦੇ ਦੇਖੇ ਗਏ।
ਤਪਾ ਮੰਡੀ (ਪੱਤਰ ਪ੍ਰੇਰਕ): ਮੀਂਹ ਕਾਰਨ ਪਿੰਡ ਦਰਾਕਾ ਵਿਚ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਲੱਖਾਂ ਰੁਪਏ ਦਾ ਘਰੇਲੂ ਸਾਮਾਨ ਮਲਬੇ ਹੇਠ ਆਕੇ ਨੁਕਸਾਨਿਆਂ ਗਿਆ। ਘਰ ਦੇ ਮੁਖੀ ਅਮਰ ਸਿੰਘ ਨੇ ਦੱਸਿਆ ਕਿ ਸਵੇਰੇ ਡਾਟ ਲਿਫਕੇ ਮਕਾਨ ਢਹਿ ਢੇਰੀ ਹੋ ਗਿਆ।
ਭਾਰੀ ਮੀਂਹ ਕਾਰਨ ਕਈ ਪਿੰਡਾਂ ’ਚ ਫ਼ਸਲਾਂ ਡੁੱਬੀਆਂ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਕਾਲਾਂਵਾਲੀ ਖੇਤਰ ’ਚ ਪਿਛਲੇ ਚਾਰ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਭਾਰੀ ਮੀਂਹ ਕਾਰਨ ਕਈ ਪਿੰਡਾਂ ’ਚ ਖੜ੍ਹੀਆਂ ਫਸਲਾਂ ਵਿੱਚ ਜ਼ਿਆਦਾ ਪਾਣੀ ਜਮ੍ਹਾਂ ਹੋ ਜਾਣ ਕਰਕੇ ਕਿਸਾਨ ਕਾਫੀ ਚਿੰਤਤ ਹਨ। ਖੇਤਰ ਦੇ ਬੜਾਗੁੜ੍ਹਾ ਇਲਾਕੇ ਵਿੱਚ ਪਿੰਡ ਸੁਖਚੈਨ ਦੇ ਕਿਸਾਨਾਂ ਬਲਕੌਰ ਸਿੰਘ, ਕੁਲਦੀਪ ਸਿੰਘ, ਗੁਰਤੇਜ ਸਿੰਘ ਦੀ ਸੱਤ ਏਕੜ ਨਰਮਾ, ਜਸਪਾਲ ਸਿੰਘ ਦੀ ਦੋ ਏਕੜ ਨਰਮਾ, ਸੁੱਖਾ ਸਿੰਘ ਦੀ ਸੱਤ ਏਕੜ, ਜਗਤਾਰ ਸਿੰਘ ਦੀ ਤਿੰਨ ਏਕੜ, ਮਨਜੀਤ ਸਿੰਘ ਦੀ ਦੋ ਏਕੜ, ਗੁਰਮੀਤ ਸਿੰਘ ਦੀ ਤਿੰਨ ਏਕੜ, ਜਲੌਰ ਸਿੰਘ, ਜਗ ਸਿੰਘ, ਸਤਿਗੁਰ ਸਿੰਘ ਦੀ 12 ਏਕੜ, ਬਲਜੀਤ ਸਿੰਘ ਦੀ ਤਿੰਨ ਏਕੜ, ਦਿਆਲ ਸਿੰਘ ਦੀ ਚਾਰ ਏਕੜ, ਜਗਸੀਰ ਸਿੰਘ ਦੀ ਅੱਠ ਏਕੜ ਗੁਆਰ ਦੀ ਫ਼ਸਲ ਪਿੰਡ ਦੇ ਨੇੜੇ ਖੇਤਾਂ ਵਿੱਚ ਪਾਣੀ ਭਰਨ ਕਾਰਨ ਪਾਣੀ ’ਚ ਡੁੱਬ ਗਈ। ਦਿਨ ਵੇਲੇ ਤੇਜ਼ ਧੁੱਪ ਕਾਰਨ ਪਾਣੀ ਵਿੱਚ ਖੜ੍ਹੀਆਂ ਫਸਲਾਂ ਮੁਰਝਾਉਣ ਲੱਗ ਪਈਆਂ ਹਨ, ਜਿਸ ਨੂੰ ਦੇਖ ਕੇ ਕਿਸਾਨ ਚਿੰਤਤ ਹਨ। ਪਿੰਡ ਕਾਲਾਂਵਾਲੀ ਦੀਆਂ ਅਨੁਸੂਚਿਤ ਬਸਤੀਆਂ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ। ਬਸਤੀ ਵਿੱਚ ਸਥਿਤ ਰਾਣੀ ਵਾਲਾ ਛੱਪੜ ਦੇ ਓਵਰਫਲੋਅ ਹੋਣ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੇਤੇ ਰਹੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਉਕਤ ਬਸਤੀ ਪਾਣੀ ਵਿੱਚ ਡੁੱਬੀ ਹੋਈ ਹੈ ਅਤੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ।