ਨਸ਼ੇ ਰੋਕਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ: ਗੰਗਵਾ
ਕਾਲਾਂਵਾਲੀ: ਕਾਲਾਂਵਾਲੀ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਲਗਪਗ 31 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਛੇ ਮਹੀਨਿਆਂ ਬਾਅਦ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮਿਲੇਗਾ। ਇਹ ਗੱਲਾਂ ਹਰਿਆਣਾ ਦੇ ਕੈਬਨਿਟ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਅੱਜ ਐੱਸਬੀਐੱਸ ਕਾਲਜ ਦੇ ਡਾਇਰੈਕਟਰ ਅਸ਼ੋਕ ਸਿੰਗਲਾ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀਆਂ। ਉਨ੍ਹਾਂ ਅੱਜ ਨਗਰ ਕੌਂਸਲ ਚੋਣਾਂ ਵਿੱਚ ਪ੍ਰਧਾਨ ਅਹੁਦੇ ਲਈ ਭਾਜਪਾ ਉਮੀਦਵਾਰ ਸੁਨੀਲ ਕੁਮਾਰ ਟਿਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਭਾਜਪਾ ਆਗੂ ਮਨੀਸ਼ ਸਿੰਗਲਾ, ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ, ਭਾਜਪਾ ਉਮੀਦਵਾਰ ਸੁਨੀਲ ਕੁਮਾਰ ਟਿਸ਼ੂ, ਰਜਿੰਦਰ ਸਿੰਘ ਦੇਸੂਜੋਧਾ, ਡਾ. ਭੀਮ ਸੈਨ ਸ਼ਰਮਾ, ਲਵਲੀ ਗਰਗ, ਡਾ. ਸੰਜੀਵ ਸਿੰਗਲਾ, ਜੋਤੀ ਸਿੰਘ, ਸੰਜੇ ਗਾਬਾ ਆਦਿ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਿਆਂ ਪ੍ਰਤੀ ਗੰਭੀਰ ਹੈ ਪਰ ਨਸ਼ਿਆਂ ਨੂੰ ਰੋਕਣ ਲਈ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ। -ਪੱਤਰ ਪ੍ਰੇਰਕ