ਸ਼ਗਨ ਕਟਾਰੀਆ
ਬਠਿੰਡਾ, 17 ਜੂਨ
ਸਰਕਾਰੀ ਬੱਸਾਂ ਚਲਾਉਣ ਵਾਲੇ ਕੱਚੇ ਕਾਮਿਆਂ ਨੇ ਅੱਜ ਇੱਥੋਂ ਦੇ ਬੱਸ ਅੱਡੇ ਦੇ ਮੁੱਖ ਗੇਟ ’ਤੇ ਦੋ ਘੰਟੇ ਧਰਨਾ ਦੇ ਕੇ ਸਰਕਾਰੀ ਲਾਰੀਆਂ ਦਾ ਚੱਕਾ ਜਾਮ ਕੀਤਾ। ਰੋਸ ਧਰਨੇ ਦੀ ਅਗਵਾਈ ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕੀਤੀ ਗਈ। ਯੂਨੀਅਨ ਦੇ ਬਠਿੰਡਾ ਇਕਾਈ ਦੇ ਪ੍ਰਧਾਨ ਰਵਿੰਦਰ ਬਰਾੜ ਨੇ ਦੋਸ਼ ਲਾਇਆ ਕਿ ਜਥੇਬੰਦੀ ਦੇ ਆਗੂਆਂ ਦੀਆਂ ਸਰਕਾਰ ਅਤੇ ਵਿਭਾਗੀ ਮੈਨੇਜਮੈਂਟ ਨਾਲ ਮੰਗਾਂ ਬਾਬਤ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਪੀਆਰਟੀਸੀ ਕਰਮਚਾਰੀਆਂ ਨੂੰ ਅਜੇ ਤੱਕ ਮਈ ਮਹੀਨੇ ਦੀ ਤਨਖਾਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪਨਬੱਸ ਤੇ ਪੀਆਰਟੀਸੀ ਨੇ ਸਰਕਾਰ ਪਾਸੋਂ ਕਰੀਬ 600 ਕਰੋੜ ਰੁਪਏ ਮੁਫ਼ਤ ਸਫ਼ਰ ਦੇ ਲੈਣੇ ਹਨ, ਜਦਕਿ ਬਜਟ ਸੈਸ਼ਨ ਵਿੱਚ ਇਸ ਮੰਤਵ ਲਈ ਸਿਰਫ਼ 450 ਕਰੋੜ ਰੁਪਏ ਰੱਖੇ ਗਏ ਸਨ। ਉਨ੍ਹਾਂ ਚਾਰ ਸਾਲਾਂ ਤੋਂ ਨਵੀਆਂ ਬੱਸਾਂ ਵੀ ਫਲੀਟ ਵਿੱਚ ਨਾ ਪਾਉਣ ਤੇ ਮੁਲਾਜ਼ਮਾਂ ਨੂੰ ਪੱਕੇ ਨਾ ਕੀਤੇ ਜਾਣ ਦੀ ਗੱਲ ਆਖੀ।
ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਮਨੇਸ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਮਾਲੂ ਅਤੇ ਹਰਬੰਸ ਸਿੰਘ ਭੋਲਾ ਨੇ ਜੇਕਰ ਮੈਨੇਜਮੈਂਟ ਨੇ ਭਲਕੇ 18 ਜੂਨ ਤੱਕ ਮੁਲਾਜ਼ਮਾਂ ਦੇ ਖਾਤੇ ਵਿੱਚ ਤਨਖਾਹ ਨਾ ਪਾਈ ਤਾਂ 19 ਜੂਨ ਨੂੰ ਰੂਟਾਂ ਪਹਿਲੇ ਟਾਈਮ ਤੋਂ ਪੀਆਰਟੀਸੀ ਦੇ ਡਿੱਪੂ ਮੁਕੰਮਲ ਤੌਰ ’ਤੇ ਬੰਦ ਰੱਖੇ ਜਾਣਗੇ ਅਤੇ ਜੇਕਰ ਫਿਰ ਵੀ ਤਨਖਾਹ ਨਾ ਮਿਲੀ ਤਾਂ ਪੰਜਾਬ ਦੇ ਪੂਰੇ 27 ਡਿੱਪੂਆਂ ਨੂੰ ਬੰਦ ਕੀਤਾ ਜਾਵੇਗਾ।
ਧਰਨੇ ਕਾਰਨ ਕੋਈ ਵੀ ਬੱਸ ਨਾ ਤਾਂ ਅੱਡੇ ’ਚੋਂ ਬਾਹਰ ਨਿਕਲੀ ਤੇ ਨਾ ਹੀ ਅੰਦਰ ਗਈ। ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੀਆਂ ਬੱਸਾਂ ਅੱਡੇ ਦੇ ਬਾਹਰ ਚੌਕ ’ਚ ਹੀ ਸਵਾਰੀਆਂ ਉਤਾਰ ਅਤੇ ਚੜ੍ਹਾ ਕੇ ਆਪਣੀ ਮੰਜ਼ਿਲ ਵੱਲ ਵਧਦੀਆਂ ਰਹੀਆਂ। ਅੱਡੇ ਦੇ ਗੇਟ ’ਤੇ ਧਰਨਾ ਲੱਗਣ ਕਾਰਨ ਗੇਟ ਵਾਲੇ ਚੌਕ ਤੋਂ ਕਈ-ਕਈ ਕਿਲੋਮੀਟਰ ਦੂਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਬੱਸ ਅੱਡਾ ਸ਼ਹਿਰ ਦੇ ਵਿਚਕਾਰ ਭੀੜ-ਭੜੱਕੇ ਵਾਲੀ ਥਾਂ ’ਤੇ ਹੋਣ ਅਤੇ ਧਰਨੇ ਕਾਰਨ ਚਾਰੇ ਪਾਸੇ ਲੱਗੇ ਜਾਮ ਕਾਰਨ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਬੁਢਲਾਡਾ, (ਮਾਨਸਾ) (ਜੋਗਿੰਦਰ ਸਿੰਘ ਮਾਨ): ਪੀਆਰਟੀਸੀ ਪਨਬਸ ਵਰਕਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੀਆਰਟੀਸੀ ਡਿੱਪੂ ਬੁਢਲਾਡਾ ਦੇ ਕੱਚੇ ਮੁਲਾਜ਼ਮਾਂ ਵੱਲੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਦੋ ਘੰਟੇ ਲਈ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰਨ ਤੋਂ ਬਾਅਦ ਬੱਸ ਸਟੈਂਡ ਦਾ ਮੁੱਖ ਗੇਟ ਬੰਦ ਕਰ ਕੇ ਪੀਆਰਟੀਸੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹ ਬਿਨਾਂ ਵਜਾ ਦੇਰੀ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਢਿੱਡ ਵਿੱਚ ਲੱਤ ਮਾਰ ਰਹੀ ਹੈ। ਜਥੇਬੰਦੀ ਦੇ ਸੂਬਾ ਆਗੂ ਰਮਨਦੀਪ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਪੰਜਾਬ ਵਿੱਚ ‘ਆਪ’ ਸਰਕਾਰ ਬਣਦੇ ਸਾਰ ਹੀ ਠੇਕੇਦਾਰੀ ਸਿਸਟਮ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਬਣੀ ਨੂੰ ਲਗਭਗ 3 ਸਾਲ ਬੀਤ ਚੁੱਕੇ ਹਨ ਅਤੇ ਮੁਲਾਜ਼ਮ ਵਾਰ-ਵਾਰ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਸੁਰਿੰਦਰ ਸਿੰਘ, ਜਵਾਹਰ ਸਿੰਘ, ਰਾਜਵੀਰ ਸਿੰਘ, ਮਨਦੀਪ ਸਿੰਘ, ਜਸਵਿੰਦਰ ਸਿੰਘ, ਦੀਪਕਪਾਲ ਸਿੰਘ ਤੇ ਰਾਮ ਸਿੰਘ ਨੇ ਵੀ ਸੰਬੋਧਨ ਕੀਤਾ।
ਸਵਾਰੀਆਂ ਹੋਈਆਂ ਖੱਜਲ-ਖੁਆਰ
ਸਫ਼ਰ ਲਈ ਬੱਸਾਂ ’ਤੇ ਚੜ੍ਹਨ-ਉਤਰ ਵਾਲੀਆਂ ਸਵਾਰੀਆਂ ਨੂੰ ਵੀ ਅਥਾਹ ਖੁਆਰੀ ਦਾ ਸਾਹਮਣਾ ਕਰਨਾ ਪਿਆ। ਖਾਸ ਕਰਕੇ ਬਜ਼ੁਰਗਾਂ, ਬੀਬੀਆਂ, ਬੱਚਿਆਂ ਅਤੇ ਭਾਰੀ ਸਾਮਾਨ ਨਾਲ ਸਫ਼ਰ ਕਰਨ ਵਾਲਿਆਂ ਨੂੰ ਬੜੀ ਮੁਸ਼ਕਲ ਆਈ। ਉਹ ਅੱਡੇ ਦੇ ਬਾਹਰ ਅੰਤਾਂ ਦੀ ਭੀੜ ’ਚ ਪ੍ਰਾਈਵੇਟ ਬੱਸਾਂ ’ਤੇ ਚੜ੍ਹਦੇ ਤੇ ਲਹਿੰਦੇ ਨਜ਼ਰੀਂ ਆਏ।