ਪੱਤਰ ਪ੍ਰੇਰਕ
ਬਠਿੰਡਾ, 14 ਸਤੰਬਰ
ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਅਤੇ 14 ਸਤੰਬਰ ਦੀ ਮੀਟਿੰਗ ਤੋਂ ਭੱਜਣ ਵਾਲੀ ਸਰਕਾਰ ਖਿਲਾਫ਼ ਰੋਸ ਵਜੋਂ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਠਿੰਡਾ ਡਿੱਪੂ ਦੇ ਗੇਟ ’ਤੇ ਸੂਬਾ ਆਗੂ ਸੰਦੀਪ ਗਰੇਵਾਲ ਅਤੇ ਡਿੱਪੂ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਯੂਨੀਅਨ ਨੂੰ ਲਗਪਗ ਚਾਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਆਪਣੇ ਵਾਅਦੇ ਤੋਂ ਭੱਜ ਚੁੱਕੇ ਹਨ। ਉਨ੍ਹਾਂ ਕਿਹਾ ਕਿ 15 ਤੋਂ 16 ਮੀਟਿੰਗਾਂ ਵਿਭਾਗ ਦੇ ਅਧਿਕਾਰੀਆਂ, ਟਰਾਂਸਪੋਰਟ ਸੈਕਟਰੀ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਹੋ ਚੁੱਕੀਆਂ ਹਨ। ਸੰਘਰਸ਼ ਕਰ ਕੇ ਪਿਛਲੀ ਸਮੇ ਵਿੱਚ 30 ਫ਼ੀਸਦੀ ਤਨਖ਼ਾਹ ਵਾਧਾ ਅਤੇ ਹਰ ਸਾਲ 5 ਫ਼ੀਸਦੀ ਵਾਧਾ ਲਾਗੂ ਕਰਵਾਇਆ ਗਿਆ ਸੀ ਪ੍ਰੰਤੂ ਉਸ ਨੂੰ ਇੱਕ ਸਾਲ ਤੋਂ ਮੌਜੂਦਾ ਸਰਕਾਰ ਅਤੇ ਅਧਿਕਾਰੀ ਲਾਗੂ ਨਹੀਂ ਕਰਦੇ ਨੱਪੀ ਬੈਠੇ ਹਨ। ਦੂਸਰੇ ਪਾਸੇ ਫਾਰਗ ਕਰਮਚਾਰੀਆਂ ਨੂੰ ਬਹਾਲ ਕਰਨ ਲਈ ਹੋਏ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅੰਮ੍ਰਿਤਸਰ ਰੈਲੀ ਲਈ 1064 ਦੇ ਕਰੀਬ ਪਨਬੱਸ ਅਤੇ ਪੀਆਰਟੀਸੀ ਦੀਆਂ ਸਰਕਾਰੀ ਬੱਸਾਂ ਵਰਤੀਆਂ ਗਈਆਂ ਸਨ ਪ੍ਰੰਤੂ ਮੰਗਾਂ ਹੱਲ ਕਰਨ ਲਈ ਮੁਲਾਜ਼ਮਾਂ ਲਈ ਸਰਕਾਰ ਕੋਲ ਕੋਈ ਸਮਾਂ ਨਹੀਂ ਹੈ। ਸਰਕਾਰ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੀ ਤੇ ਜਾਣਬੁੱਝ ਕੇ ਮੀਟਿੰਗਾਂ ਤੋਂ ਭੱਜ ਕੇ ਹੜਤਾਲ ਕਰਵਾਉਣਾ ਚਾਹੁੰਦੀ ਹੈ।
ਉਨ੍ਹਾਂ ਐਲਾਨ ਕੀਤਾ ਕਿ ਪਨਬੱਸ ਤੇ ਪੀਆਰਟੀਸੀ ਦਾ ਚੱਕਾ ਜਾਮ ਕਰ ਕੇ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਦੀ ਰਿਹਾਇਸ਼ ਅੱਗੇ ਤੈਅ ਪ੍ਰੋਗਰਾਮ ਸਮੇਤ ਪੰਜਾਬ ਬੰਦ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ।