ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 7 ਜੁਲਾਈ
ਸੇਵਾ ਅਧਿਕਾਰਾਂ ਲਈ ਐਚਕੇਆਰਐਨ ਕਾਮੇ ਸੰਘਰਸ਼ ਕਰ ਰਹੇ ਹਨ। ਸੈਂਕੜੇ ਐਚਕੇਆਰਐਨ ਕਾਮਿਆਂ ਦੇ ਤਜਰਬੇ ਨੂੰ ਪੋਰਟਲ ਉੱਪਰ ਅਪਲੋਡ ਕਰਨ ਨੂੰ ਲੈ ਕੇ ਪਬਲਿਕ ਹੈਲਥ ਇੰਜਨੀਅਰਿੰਗ ਵਿਭਾਗ ਹਰਿਆਣਾ ਵਿਚ ਪ੍ਰਸ਼ਾਸਨਿਕ ਪੇਚ ਫਸ ਗਿਆ ਹੈ।
ਵਿਭਾਗ ਦੇ ਮੰਡਲ ਦਫ਼ਤਰ ਡੱਬਵਾਲੀ ਨੇ ਤਜਰਬੇ ਨੂੰ ਅਪਲੋਡ ਕਰਨ ਲਈ ਇਨ੍ਹਾਂ ਕਰਮਚਾਰੀਆਂ ਦੇ ਤੱਥਾਂ ਸਮੇਤ ਦਸਤਾਵੇਜ਼ਾਂ ਮੰਗੇ ਹਨ ਜਿਸ ਤੋਂ ਖਫ਼ਾ ਐਚਕੇਆਰਐਨ ਦੇ ਕਰਮਚਾਰੀਆਂ ਨੇ ਅੱਜ ਪਬਲਿਕ ਹੈਲਥ ਇੰਜਨੀਅਰਿੰਗ ਵਿਭਾਗ ਦਫਤਰ ਮੂਹਰੇ ਧਰਨਾ ਦੇ ਕੇ ਮੁਜ਼ਾਹਰਾ ਕੀਤਾ। ਜ਼ਿਕਰਯੋਗ ਹੈ ਕਿ ਪਬਲਿਕ ਹੈਲਥ ਇੰਜੀਨੀਅਰਿੰਗ ਵਿਭਾਗ, ਮੰਡਲ ਡੱਬਵਾਲੀ ਵਿੱਚ ਲਗਪਗ 432 ਐਚਕੇਆਰਐੱਨ ਕਰਮਚਾਰੀ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੇ ਤਜਰਬਿਆਂ ਨੂੰ ਪੋਰਟਲ 'ਤੇ ਅਪਲੋਡ ਕੀਤਾ ਜਾਣਾ ਹੈ। ਕਰੀਬ ਦੋ ਹਫ਼ਤੇ ਪਹਿਲਾਂ ਹਰਿਆਣਾ ਕੌਸ਼ਲ ਰੁਜ਼ਗਾਰ ਕਾਰਪੋਰੇਸ਼ਨ ਨੇ ਕਰਮਚਾਰੀਆਂ ਦੀ ਮੰਗ 'ਤੇ ਪੱਤਰ ਜਾਰੀ ਕਰਕੇ ਕਾਰਜਕਾਰੀ ਇੰਜੀਨੀਅਰਾਂ ਨੂੰ ਪੋਰਟਲ 'ਤੇ ਤਜਰਬਾ ਅਪਲੋਡ ਕਰਨ ਦੇ ਅਖਤਿਆਰ ਦਿੱਤੇ ਸਨ।
ਧਰਨਾਕਾਰੀ ਕਾਮਿਆਂ ਦਾ ਦੋਸ਼ ਹੈ ਕਿ ਅਧਿਕਾਰੀਆਂ ਨੇ ਪਿਛਲੇ ਸਮੇਂ ਵਿੱਚ ਪੋਰਟਲ 'ਤੇ ਉਨ੍ਹਾਂ ਦੇ ਤਜਰਬਾ ਅੰਕੜਿਆਂ ਨੂੰ ਮਨਮਰਜ਼ੀ ਨਾਲ ਅਪਲੋਡ ਕਰ ਦਿੱਤਾ ਜਿਸ ਨਾਲ ਸੈਂਕੜੇ ਐਚਕੇਆਰਐਨ ਕਰਮਚਾਰੀ ਸੇਵਾ ਅਧਿਕਾਰਾਂ ਤੋਂ ਵਾਂਝੇ ਹੋਣਗੇ ਅਤੇ ਉਨ੍ਹਾਂ ਦਾ ਆਰਥਿਕ ਭਵਿੱਖ ਹਨ੍ਹੇਰੇ ਵਿੱਚ ਚਲਾ ਜਾਵੇਗਾ।
ਪਬਲਿਕ ਹੈਲਥ ਇੰਜੀਨੀਅਰਿੰਗ ਵਿਭਾਗ ਵੱਲੋਂ ਠੇਕੇਦਾਰ ਅਤੇ ਏਜੰਸੀ ਜ਼ਰੀਏ ਜੋਬ ਵਰਕ ਕਰਵਾਏ ਜਾਂਦੇ ਸੀ। ਠੇਕੇਦਾਰ ਅਤੇ ਏਜੰਸੀ ਵੱਲੋਂ ਕੱਚੇ ਕਾਮਿਆਂ ਨੂੰ ਪ੍ਰਤੀ ਮਹੀਨਾ ਨਗਦ ਤਨਖਾਹ ਦਿੱਤੀ ਜਾਂਦੀ ਸੀ। ਇਸ ਕਰਕੇ ਵਿਭਾਗ ਕੱਚੇ ਕਾਮਿਆਂ ਦਾ ਕੋਈ ਰਿਕਾਰਡ ਉਸ ਕੋਲ ਹੋਣ ਤੋਂ ਇਨਕਾਰ ਕਰ ਰਿਹਾ ਹੈ। ਹਰਿਆਣਾ ਗਵ. ਮਕੈਨੀਕਲ ਵਰਕਰਜ਼ ਯੂਨੀਅਨ (ਰਜਿ 41) ਦੇ ਸੂਬਾ ਜਥੇਬੰਦਕ ਸਕੱਤਰ ਰਘੁਬੀਰ ਸਿੰਘ ਅਤੇ ਡੱਬਵਾਲੀ ਸ਼ਾਖਾ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦੇ ਕਿਹਾ ਕਿ 1 ਜੁਲਾਈ 2022 ਤੋਂ ਪਹਿਲਾਂ, ਸਾਰੇ ਵਰਕਿੰਗ ਕੱਚੇ ਕਰਮਚਾਰੀਆਂ ਨੂੰ ਨੌਕਰੀ ਦੇ ਕੰਮ ਦੁਆਰਾ ਮਹੀਨਾਵਾਰ ਤਨਖਾਹ ਨਾਲ ਸਬੰਧਤ ਦਸਤਾਵੇਜ਼ ਅਤੇ ਜੂਨੀਅਰ ਇੰਜੀਨੀਅਰ ਅਤੇ ਐਸਡੀਓ ਕੋਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਕਾਮਿਆਂ ਨੂੰ ਨਿਯੁਕਤ ਕਰਨ ਵਾਲੀ ਏਜੰਸੀ ਅਤੇ ਠੇਕੇਦਾਰ ਹੀ ਉਨ੍ਹਾਂ ਦੇ ਈਪੀਐਫ ਅਤੇ ਈਐਸਆਈ ਵਗੈਰਾ ਭੱਤੇ ਦੇਣ ਲਈ ਪਾਬੰਦ ਹੁੰਦੇ ਹਨ। ਉਨ੍ਹਾਂ ਵੱਲੋਂ ਏਪੀਐਫ, ਈਐਸਆਈ ਜਮ੍ਹਾ ਨਾ ਕਰਨ ਦੀ ਸਥਿਤੀ ਵਿੱਚ ਵਿਭਾਗ ਵੱਲੋਂ ਏਜੰਸੀ ਅਤੇ ਠੇਕੇਦਾਰ ਨੂੰ ਜਮ੍ਹਾ ਕਰਨ ਲਈ ਨਿਰਦੇਸ਼ ਦਿੱਤੇ ਜਾਂਦੇ ਹਨ।
ਦੂਜੇ ਪਾਸੇ ਪਬਲਿਕ ਹੈਲਥ ਇੰਜਨੀਅਰਿੰਗ ਵਿਭਾਗ, ਉਪਮੰਡਲ ਡੱਬਵਾਲੀ ਦੇ ਐਸਡੀਓ ਵਿਸ਼ਾਲ ਜਿਆਣੀ ਦਾ ਕਹਿਣਾ ਹੈ ਕਿ ਕਰਮਚਾਰੀਆਂ ਦੇ ਤਜਰਬੇ ਨੂੰ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਪੋਰਟਲ 'ਤੇ ਅਪਲੋਡ ਕੀਤਾ ਜਾ ਸਕੇਗਾ। ਵਿਭਾਗ ਨੇ ਠੇਕੇਦਾਰ ਨੂੰ ਕੰਮ ਦਿੱਤਾ ਸੀ, ਅਜਿਹੇ ਵਿੱਚ ਵਿਭਾਗ ਦੇ ਕੋਲ ਰਿਕਾਰਡ ਹੋਣ ਦਾ ਮਤਲਬ ਨਹੀਂ ਹੈ।
ਡੱਬਵਾਲੀ ’ਚ ਨਾਅਰੇਬਾਜ਼ੀ ਕਰਦੇ ਹੋਏ ਐੱਚਕੇਆਰਐੱਨ ਕਰਮਚਾਰੀ।