ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 29 ਜੂਨ
ਹਲਕੇ ਦੇ ਪਿੰਡ ਠੀਕਰੀਵਾਲਾ ਵਿੱਚ ਵਾਟਰ ਵਰਕਸ ਦੀ ਪਾਣੀ ਦੀ ਸਪਲਾਈ ਦੇ ਕੁਨੈਕਸ਼ਨ ਕੱਟੇ ਜਾਣ ਤੋਂ ਨਾਰਾਜ਼ ਲੋਕਾਂ ਨੇ ਸਰਪੰਚ ਦੇ ਘਰ ਅੱਗੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕ੍ਰਿਸ਼ਨ ਸਿੰਘ, ਚਮਕੌਰ ਸਿੰਘ, ਹਰਪ੍ਰੀਤ ਸਿੰਘ, ਮੱਘਰ ਸਿੰਘ, ਗੁਰਤੇਜ ਸਿੰਘ ਅਤੇ ਸੋਹਣ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਦੇ ਮੌਜੂਦਾ ਸਰਪੰਚ ਵੱਲੋਂ ਲਗਭਗ 200 ਘਰਾਂ ਦੇ ਮੇਨ ਪਾਣੀ ਕੁਨੈਕਸ਼ਨ ਕਟਵਾ ਦਿੱਤੇ ਗਏ ਹਨ ਜਿਸ ਕਰਨ ਪਿਛਲੇ 7-8 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੈ ਅਤੇ ਉਹ ਅੱਤ ਦੀ ਗਰਮੀ ਵਿੱਚ ਪੀਣ ਦੇ ਪਾਣੀ ਤੋਂ ਵੀ ਵਾਂਝੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇ ਕਿਸੇ ਇੱਕ-ਦੋ ਘਰਾਂ ਨੇ ਬਿੱਲ ਨਹੀਂ ਭਰਿਆ ਤਾਂ ਉਸ ਦੀ ਸਜ਼ਾ 200 ਘਰਾਂ ਨੂੰ ਕਿਉਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਪੰਚ ਉਨ੍ਹਾਂ ਨਾਲ ਵੋਟਾਂ ਦੀ ਰੰਜਿਸ਼ ਕੱਢ ਰਿਹਾ।
ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਪਾਣੀ ਦੀ ਸਪਲਾਈ ਮੁੜ ਬਹਾਲ ਨਾ ਕੀਤੀ ਗਈ ਤਾਂ ਸਰਪੰਚ ਦੇ ਘਰ ਅੱਗੇ ਲੰਬੇ ਸਮੇਂ ਲਈ ਧਰਨਾ ਲਾਇਆ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸਰਪੰਚ ਅਤੇ ਪ੍ਰਸ਼ਾਸਨ ਦੀ ਹੋਵੇਗੀ।
125 ਘਰਾਂ ’ਚੋਂ ਸਿਰਫ਼ ਚਾਰ ਜਾਂ ਪੰਜ ਘਰਾਂ ਨੇ ਹੀ ਬਿੱਲ ਭਰੇ: ਸਰਪੰਚ
ਸਰਪੰਚ ਕਿਰਨਜੀਤ ਸਿੰਘ ਹੈਪੀ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਪਾਣੀ ਵਰਤਣ ਵਾਲੇ ਲਗਭਗ 125 ਘਰਾਂ ਵਿੱਚੋਂ ਸਿਰਫ਼ 4-5 ਖਪਤਕਾਰਾਂ ਨੇ ਹੀ ਬਿੱਲ ਭਰਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡ ਪੱਧਰ ’ਤੇ ਵਾਟਰ ਵਰਕਸ ਪੰਚਾਇਤਾਂ ਦੇ ਹਵਾਲੇ ਕੀਤੇ ਗਏ ਹਨ ਅਤੇ ਪੰਚਾਇਤ ਨੇ ਕਈ ਵਾਰ ਬਕਾਇਆ ਬਿੱਲਾਂ ਦੀ ਅਦਾਇਗੀ ਲਈ ਬੇਨਤੀ ਕੀਤੀ ਪਰ ਇਸ ਦੇ ਬਾਵਜੂਦ ਜਦੋਂ ਕਿਸੇ ਨੇ ਬਿੱਲ ਨਹੀਂ ਭਰੇ ਤਾਂ ਕੁਨੈਕਸ਼ਨ ਕੱਟਣ ਲਈ ਮਜਬੂਰ ਹੋਣਾ ਪਿਆ।