ਪ੍ਰਿੰਸੀਪਲ ਦੀ ਹੱਤਿਆ: ਸਕੂਲ ਪ੍ਰਬੰਧਕਾਂ ਵੱਲੋਂ ਡੀਸੀ ਨੂੰ ਮੰਗ ਪੱਤਰ
ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਵੈਲਫੇਅਰ ਐਸੋਸੀਏਸ਼ਨ ਦੇ ਬੈਨਰ ਹੇਠ ਡੀਸੀ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਸਕੂਲ ਸੁਰੱਖਿਆ ਐਕਟ ਬਣਾਇਆ ਜਾਵੇ। ਐਸੋਸੀਏਸ਼ਨ ਦੇ ਸੂਬਾਈ ਉਪ ਪ੍ਰਧਾਨ ਅਮਿਤ ਮਹਿਤਾ, ਜ਼ਿਲ੍ਹਾ ਪ੍ਰਧਾਨ ਪੰਕਜ ਸਿਡਾਨਾ ਅਤੇ ਰਾਮ ਸਿੰਘ ਯਾਦਵ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਜਿਨ੍ਹਾਂ ਹਲਾਤ ’ਚ ਅਧਿਆਪਕ ਕੰਮ ਨਹੀਂ ਕਰ ਸਕਦੇ। ਹਿਸਾਰ ਵਿੱਚ ਪ੍ਰਿੰਸੀਪਲ ਦੀ ਹੱਤਿਆ ਤੋਂ ਬਾਅਦ ਅਧਿਆਪਕ ਡਰ ਦੇ ਸਾਏ ਹੇਠ ਹਨ। ਸਕੂਲ ਸਟਾਫ਼ ਦੀ ਮਾਨਸਿਕ, ਸਮਾਜਿਕ ਅਤੇ ਸਰੀਰਕ ਸੁਰੱਖਿਆ ਲਈ ਸਰਕਾਰ ਜ਼ਿੰਮੇਵਾਰ ਹੋਣੀ ਚਾਹੀਦੀ ਹੈ। ਇਸ ਲਈ ਹਰਿਆਣਾ ਵਿੱਚ ਜਲਦੀ ਤੋਂ ਜਲਦੀ ਸਕੂਲ ਸੁਰੱਖਿਆ ਐਕਟ ਬਣਾਇਆ ਜਾਵੇ। ਉਨ੍ਹਾਂ ਨੇ ਮਰਹੂਮ ਅਧਿਆਪਕ ਜਗਬੀਰ ਨੂੰ ਸ਼ਹੀਦ ਦਾ ਦਰਜਾ ਅਤੇ ਪਰਿਵਾਰ ਨੂੰ ਇੱਕ ਕਰੋੜ ਦੀ ਵਿੱਤੀ ਸਹਾਇਤਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਅਧਿਆਪਕਾਂ ਨਾਲ ਦੁਰਵਿਵਹਾਰ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਕੀਤੇ ਜਾਣ। ਸਕੂਲ ਪਬੰਧਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਕਾਨੂੰਨ ਬਣਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਅਧਿਆਪਕ ਜਾਂ ਸਕੂਲ ਸਟਾਫ ਅਜਿਹੀ ਦੁਰਦਸ਼ਾ ਦਾ ਸ਼ਿਕਾਰ ਨਾ ਹੋਵੇ। ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਭੂਪੇਂਦਰ ਜੈਨ, ਘਣਸ਼ਿਆਮ ਮਹਿਤਾ, ਰਾਜਾਰਾਮ, ਵਿਕਰਮਜੀਤ ਸਿੰਘ, ਆਰਕੇ ਮਜੀਠੀਆ, ਵਿਜਯੰਤ ਸ਼ਰਮਾ, ਬਲਦੇਵ ਸਹਿਗਲ, ਬੀਐੱਲ ਜਲੰਧਰ, ਅਮਰਜੋਤ ਸਿੰਘ, ਸਾਗਰ ਪਾਹੂਜਾ, ਸੁਮਨ ਸ਼ਰਮਾ, ਸ਼ੋਭਾ ਅਰੋੜਾ, ਸ਼ਸ਼ੀ ਭੂਸ਼ਣ ਸ਼ਰਮਾ, ਰਾਮਲਾਲ ਭੰਗੂ, ਰਾਜਾ ਭੰਗੂ, ਪੀ.ਸੀ ਤਿਵਾੜੀ, ਬਲਜੀਤ ਨੈਨ, ਰੋਸ਼ਨ ਲਾਲ, ਸਤਨਾਮ ਸਿੰਘ, ਸੁਰਿੰਦਰ ਮਦਾਨ, ਜਗਜੀਤ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ।