ਮਾਨਸਾ ’ਚ ਪਾਣੀ ਦੀ ਨਿਕਾਸੀ ਲਈ ਸੰਘਰਸ਼ ’ਤੇ ਡਟੇ ਲੋਕ
ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੁਲਾਈ
ਜ਼ਿਲ੍ਹਾ ਪ੍ਰਸ਼ਾਸ਼ਨ ਨੇ ਮੀਂਹਾਂ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਤੇ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਦਾ ਦਾਅਵਾ ਕੀਤਾ ਗਿਆ ਸੀ ਪਰ ਸ਼ਹਿਰ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਨ੍ਹਾਂ ਦਾਅਵਿਆਂ ਪੋਲ੍ਹ ਖੁੱਲ੍ਹ ਗਈ ਹੈ। ਦੋ ਦਿਨ ਪਹਿਲਾਂ ਪਏ ਮੀਂਹ ਦਾ ਬਹੁਤੇ ਮੁਹੱਲਿਆਂ ’ਚੋਂ ਅੱਜ ਵੀ ਪਾਣੀ ਨਹੀਂ ਨਿਕਲ ਸਕਿਆ। ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਹੋਏ ਭਾਰੀ ਨੁਕਸਾਨ ਅਤੇ ਗਰੀਬ ਬਸਤੀਆਂ ਵਿੱਚ ਕਈ-ਕਈ ਫੁੱਟ ਖੜ੍ਹੇ ਪਾਣੀ ਨੂੰ ਕੱਢਣ ਲਈ ਲੋਕਾਂ ਨੂੰ ਅਧਿਕਾਰੀਆਂ ਦੇ ਮਿੰਨਤਾਂ ਅਤੇ ਤਰਲੇ ਕਰਨੇ ਪਏ। ਮਾਨਸਾ ਸ਼ਹਿਰ ਦੇ ਮੁਹੱਲਾ ਵੀਰ ਨਗਰ, ਬੱਸ ਸਟੈਂਡ ਤੋਂ ਇਲਾਵਾ ਤਿੰਨਕੋਨੀ ’ਚ ਮੀਂਹ ਅਤੇ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਣ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਮੁਹੱਲਾ ਵੀਰ ਨਗਰ ਵਾਸੀਆਂ ਵੱਲੋਂ ਰੇਲਵੇ ਫਾਟਕ ’ਤੇ ਅਣਮਿੱਥੇ ਸਮੇਂ ਦਾ ਧਰਨਾ ਅੱਜ ਤੀਸਰੇ ਦਿਨ ਵੀ ਜਾਰ ਰਿਹਾ। ਕਈਆਂ ਨੇ ਆਪਣੀਆਂ ਰਿਹਾਇਸ਼ਾਂ ਘਰ ’ਚ ਫੁੱਟ-ਫੁੱਟ ਗੰਦਾ ਪਾਣੀ ਭਰਨ ਕਰਕੇ ਚੁਬਾਰਿਆਂ ’ਚ ਸ਼ਰਨ ਲੈ ਲਈ ਹੈ। ਅੱਜ ਵੀ ਇਹ ਰੋਸ ਧਰਨੇ ’ਚ ਸ਼ਹਿਰ ਵਾਸੀਆਂ ਦੇ ਤਿੱਖੇ ਤੇਵਰ ਦੇਖੇ ਗਏ। ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਕ੍ਰਿਸ਼ਨ ਚੌਹਾਨ, ਜਤਿੰਦਰ ਆਗਰਾ, ਧੰਨਾ ਮੱਲ ਗੋਇਲ, ਹਰਪ੍ਰੀਤ ਸਿੰਘ, ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਕਿਹਾ ਕਿ ਜਦੋਂ ਤੱਕ ਮਸਲੇ ਦਾ ਪੂਰਨ ਤੌਰ ’ਤੇ ਹੱਲ ਨਹੀਂ ਹੁੰਦਾ, ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਮੀਂਹਾਂ ਤੋਂ ਬਚਾਅ ਲਈ ਤਾਂ ਹਰ ਕਿਸਮ ਦੇ ਬੰਦੋਬਸਤ ਕਰ ਲਏ ਗਏ ਸਨ, ਪਰ ਅਚਨਚੇਤ ਡਿੱਗੇ ਇਸ ਕੁਦਰਤੀ ਪਾਣੀ ਮੂਹਰੇ ਹਰ ਇੱਕ ਬੇਵੱਸ ਹੋ ਗਿਆ, ਹੈ। ਉਨ੍ਹਾਂ ਕਿਹਾ ਕਿ ਮਸਲਾ ਹੱਲ ਕਰਨ ਦੇ ਯਤਨ ਜਾਰੀ ਹਨ। ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ, ਕਾਰਜ ਸਾਧਕ ਅਫਸਰ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਨਗਰ ਕੌਂਸਲ ਦੀਆਂ ਟੀਮਾਂ ਬਰਮੇ ਲਾ ਕੇ ਇਸ ਮਸਲੇ ਦਾ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਹਰ ਰੋਜ਼ ਮੀਂਹ ਪੈਣ ਨਾਲ ਇਹ ਸਮੱਸਿਆ ਮੁੜ ਖੜ੍ਹੀ ਹੋ ਜਾਂਦੀ ਹੈ।