ਮੁਕਤਸਰ ਪੁਲੀਸ ਵੱਲੋਂ ਜ਼ਿਲ੍ਹਾ ਜੇਲ੍ਹ ’ਚ ਵਿਸ਼ੇਸ਼ ਤਲਾਸ਼ੀ ਮੁਹਿੰਮ
ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 16 ਜੂਨ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲੀਸ ਵੱਲੋਂ ਜ਼ਿਲ੍ਹਾ ਅੰਦਰ ਨਸ਼ਾ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇਲ੍ਹ ’ਚ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤਿਵਿਧੀ ਰੋਕਣ ਲਈ ਤਲਾਸ਼ੀ ਮੁਹਿੰਮ ਚਲਾਈ ਗਈ। ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਇਹ ਮੁਹਿੰਮ ਯੋਜਨਾਬੱਧ ਢੰਗ ਨਾਲ ਚਲਾਈ ਗਈ ਤਾਂ ਜੋ ਜੇਲ੍ਹ ਅੰਦਰ ਨਸ਼ਾ ਤਸਕਰੀ, ਗੈਰ-ਕਾਨੂੰਨੀ ਸਾਮਾਨ, ਮੋਬਾਈਲ ਜਾਂ ਹੋਰ ਮਨਾਹੀ-ਸ਼ੁਦਾ ਚੀਜ਼ਾਂ ਦੀ ਭਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਲਈ ਜੇਲ੍ਹਾਂ ਦੇ ਅੰਦਰੂਨੀ ਹਾਲਾਤ ’ਤੇ ਸਖ਼ਤ ਨਿਗਰਾਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੁਧਾਰ ਘਰ (ਜੇਲ) ਸ੍ਰੀ ਮੁਕਤਸਰ ਸਾਹਿਬ ਵਿਖੇ ਨਵੀਨ ਕੁਮਾਰ ਡੀਐੱਸਪੀ (ਸ.ਡ) ਸ੍ਰੀ ਮੁਕਤਸਰ ਸਾਹਿਬ, ਅਨਦੀਪ ਸਿੰਘ ਡੀਐੱਸਪੀ (ਐੱਚ), ਇੰਸਪੈਕਟਰ ਵਰੁਨ ਯਾਦਵ ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ, ਐੱਸਆਈ ਗੁਰਦੀਪ ਸਿੰਘ ਮੁੱਖ ਅ਼ਫਸਰ ਬਰੀਵਾਲਾ, ਸੁਪਰਡੈਂਟ ਜੇਲ੍ਹ ਨਵਦੀਪ ਸਿੰਘ ਬੈਣੀਵਾਲ, ਐੱਸਆਈ ਗੁਰਦਿੱਤ ਸਿੰਘ ਅਤੇ ਐੱਸਆਈ ਵਰਿੰਦਰ ਸਿੰਘ ਵੀ ਮੌਜੂਦ ਸਨ। ਚੈਕਿੰਗ ਦੌਰਾਨ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਦੀ ਜਾਂਚ ਕੀਤੀ ਗਈ। ਕੈਦੀਆਂ ਅਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਅਤੇ ਸਾਮਾਨ ਦੀ ਜਾਂਚ ਕੀਤੀ ਗਈ। ਆਉਣ-ਜਾਣ ਵਾਲੇ ਰਸਤੇ, ਕੰਧਾਂ ਦੇ ਕੋਨੇ, ਬੈਰਕਾਂ ਦੇ ਆਲੇ-ਦੁਆਲੇ, ਆਵਾਜਾਈ ਦੇ ਸਾਰੇ ਰਾਹਾਂ ਦੀ ਪੂਰੀ ਜਾਂਚ ਕੀਤੀ ਗਈ। ਕੁਝ ਸ਼ੱਕੀ ਥਾਵਾਂ ਤੋਂ ਵਿਅਕਤੀਆਂ ਦੀ ਪੁੱਛਗਿੱਛ ਵੀ ਕੀਤੀ ਗਈ।
ਭਵਿੱਖ ’ਚ ਵੀ ਜਾਰੀ ਰਹੇਗੀ ਕਾਰਵਾਈ: ਐੱਸਐੱਸਪੀ
ਐੱਸਐੱਸਪੀ ਨੇ ਕਿਹਾ ਕਿ ਜੇਲ੍ਹ ’ਚ ਬੰਦ ਨਸ਼ਾ ਤਸਕਰ ਜਾਂ ਹੋਰ ਦੇਸ਼ ਵਿਰੋਧੀ ਤਾਕਤਾਂ ਜੇਲ੍ਹ ਅੰਦਰੋਂ ਗੈਰਕਾਨੂੰਨੀ ਕੰਮ ਨਾ ਕਰ ਰਹੇ ਹੋਣ, ਇਸ ਲਈ ਸਖ਼ਤ ਚੈਕਿੰਗ ਅਤੇ ਨਿਗਰਾਨੀ ਲਾਜ਼ਮੀ ਹੈ ਤਾਂ ਜੋ ਅਜਿਹੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਆਗਾਹ ਕੀਤਾ ਕਿ ਭਵਿੱਖ ’ਚ ਵੀ ਇਸ ਤਰ੍ਹਾਂ ਦੀਆਂ ਚੈਕਿੰਗਾਂ ਜਾਰੀ ਰਹਿਣਗੀਆਂ।