ਲੜਕੀ ਲਾਪਤਾ: ਪੁਲੀਸ ਖ਼ਿਲਾਫ਼ ਥਾਣੇ ਅੱਗੇ ਧਰਨਾ
ਸਕੂਲ ਪੜ੍ਹਦੀਆਂ ਤਿੰਨ ਵਿਦਿਆਰਥਣਾਂ ਦਾ ਆਪਣੇ ਪ੍ਰੇਮੀਆਂ ਨਾਲ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਦੋ ਵਿਦਿਆਰਥਣਾਂ ਘਰ ਪਰਤ ਆਈਆਂ ਹਨ ਪਰ ਇੱਕ ਨਾਬਾਲਗ ਲੜਕੀ ਲਾਪਤਾ ਹੈ। ਲਾਪਤਾ ਲੜਕੀ ਨੂੰ ਲੱਭਣ ਲਈ ਪਿਛਲੇ ਕਈ ਦਿਨਾਂ ਤੋਂ ਥਾਣਾ ਜੋਗਾ ਦੀ ਪੁਲੀਸ ਨਾ ਕਾਮਯਾਬ ਰਹੀ ਹੈ। ਪੁਲੀਸ ਦੀ ਢਿੱਲੀ ਕਾਰਵਾਈ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਅਗਵਾਈ ਹੇਠ ਥਾਣਾ ਜੋਗਾ ਦਾ ਘਿਰਾਓ ਕੀਤਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿਛਲੇ 11 ਜੁਲਾਈ ਤੋਂ ਨਬਾਲਗ ਬੱਚੀ ਲਾਪਤਾ ਹੋਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਪੁਲੀਸ ਦੇ ਉੱਚ ਅਧਿਕਾਰੀਆਂ ਅਤੇ ਥਾਣਾ ਜੋਗਾ ਵਿੱਚ ਵਾਰ-ਵਾਰ ਗੇੜੇ ਮਾਰਨ ਦੇ ਬਾਵਜੂਦ ਥਾਣਾ ਜੋਗਾ ਦੇ ਮੁਲਾਜ਼ਮਾਂ ਵੱਲੋਂ ਪਰਿਵਾਰ ਨਾਲ ਮਾੜਾ ਵਤੀਰਾ ਕੀਤਾ ਗਿਆ, ਪਰਿਵਾਰ ਨੂੰ ਵੀ ਕਥਿਤ ਬੁਰਾ ਭਲਾ ਪੁਲੀਸ ਵੱਲੋਂ ਕਿਹਾ ਗਿਆ, ਪਰ ਬੱਚੀ ਨੂੰ ਲੱਭਣ ਵਿੱਚ ਪੁਲੀਸ ਨੇ ਦਿਲਚਸਪੀ ਨਹੀਂ ਦਿਖਾਈ, ਜਿਸ ਕਾਰਨ ਪਰਿਵਾਰ ਨੇ ਜਥੇਬੰਦੀਆਂ ਨਾਲ ਰਾਬਤਾ ਕਰਕੇ ਥਾਣਾ ਜੋਗਾ ਦਾ ਘਿਰਾਓ ਕਰਨ ਦਾ ਫੈਸਲਾ ਗਿਆ ਅਤੇ ਇਨਸਾਫ਼ ਲੈਣ ਲਈ ਥਾਣੇ ਅੱਗੇ ਧਰਨਾ ਲਾਇਆ ਗਿਆ।
ਧਰਨੇ ’ਚ ਪੁੱਜੇ ਡੀਐੱਸਪੀ ਪ੍ਰਿਤਪਾਲ ਸਿੰਘ ਨੇ ਪੰਜ ਮੈਂਬਰੀ ਕਮੇਟੀ ਨਾਲ ਮੀਟਿੰਗ ਕੀਤੀ ਅਤੇ ਤਿੰਨ ਦਿਨਾਂ ਦੇ ਵਿੱਚ ਲੜਕੀ ਨੂੰ ਲੱਭਣ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਬੱਚੀ ਘਰ ਨਾ ਆਈ ਤਾਂ ਮੁੜ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਜੋਗਾ ਪੁਲੀਸ ਦਾ ਕਹਿਣਾ ਸੀ ਕਿ ਕੁਝ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਕੁਝ ਬੰਦੇ ਗ੍ਰਿਫ਼ਤਾਰ ਵੀ ਕੀਤੇ ਗਏ ਹਨ।
ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੋਟੇ ਬੱਚੇ-ਬੱਚੀਆਂ ’ਤੇ ਮੋਬਾਈਲ ਫੋਨ ਮਾੜਾ ਪ੍ਰਭਾਵ ਪਾਉਂਦੇ ਹਨ, ਜੋ ਸਕੂਲੀ ਬੱਚਿਆਂ ਦੇ ਮੋਬਾਈਲ ਫੋਨ ਸਕੂਲ ਵਿੱਚ ਲਿਜਾਣ ਦੀ ਮਨਾਹੀ ਕੀਤੀ ਜਾਵੇ।
ਇਸ ਮੌਕੇ ਜੀਤ ਸਿੰਘ, ਰਾਜ ਸਿੰਘ ਅਕਲੀਆ, ਸਿੰਦਰਪਾਲ ਕੌਰ, ਕੁਲਵਿੰਦਰ ਕੌਰ ਅਕਲੀਆ, ਜ਼ੋਰਾ ਸਿੰਘ, ਨਾਜਮ ਸਿੰਘ, ਚਰਨਜੀਤ ਸਿੰਘ, ਰਘਬੀਰ ਚੰਦ ਸ਼ਰਮਾ ਤੇ ਗੁਰਵਿੰਦਰ ਸਿੰਘ ਜੋਗਾ ਨੇ ਵੀ ਸੰਬੋਧਨ ਕੀਤਾ।