DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਨਸਾ: ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ

ਪਾਣੀ ਦੀ ਨਿਕਾਸੀ ਦਾ ਕੰਮ ਜਾਰੀ: ਕੌਂਸਲ ਪ੍ਰਧਾਨ
  • fb
  • twitter
  • whatsapp
  • whatsapp
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 17 ਜੂਨ

Advertisement

ਇੱਥੇ ਅੱਜ ਤੜਕਸਾਰ ਸ਼ੁਰੂ ਹੋਏ ਮੀਂਹ ਨੇ ਮਾਨਸਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ-ਖੋਲ੍ਹਕੇ ਰੱਖ ਦਿੱਤੀ ਹੈ। ਨਗਰ ਕੌਂਸਲ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੇਰ ਸ਼ਾਮ ਤੱਕ ਸ਼ਹਿਰ ਦੇ ਬੱਸ ਸਟੈਂਡ ਹੋਰ ਸਾਰੇ ਮੁੱਖ ਮਾਰਗਾਂ ’ਤੇ ਜਲ-ਥਲ ਹੋਇਆ ਪਿਆ ਸੀ, ਜਿਸ ਕਾਰਨ ਰਾਹਗੀਰਾਂ ਨੂੰ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ ਹੈ। ਬੇਸ਼ੱਕ ਨਗਰ ਕੌਂਸਲ ਨੇ ਮੀਂਹ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਸੀ, ਪਰ ਅੱਜ ਪਏ ਮੀਂਹ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਜੋਗੇ ਨਹੀਂ ਛੱਡਿਆ, ਕਿਉਂਕਿ ਸ਼ਹਿਰ ਦੇ ਹਰ ਹਿੱਸੇ ਵਿਚਲੀਆਂ ਗਲੀਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ ਸੀ। ਸ਼ਹਿਰ ਦੇ ਅੰਡਰਬ੍ਰਿਜ ਵਿੱਚ ਵੱਡੀ ਮਾਤਰਾ ’ਚ ਪਾਣੀ ਜਮ੍ਹਾਂ ਹੋਣ ਕਾਰਨ ਦੋ ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਬਣ ਗਈ, ਕਈ ਲੋਕਾਂ ਦੇ ਸਕੂਟਰ-ਮੋਟਰ ਸਾਈਕਲ ਇਸ ਪਾਣੀ ’ਚ ਬੰਦ ਹੋ ਗਏ।

ਕਈ ਮੁਹੱਲਿਆਂ ਵਿਚ ਮੀਂਹ ਦਾ ਪਾਣੀ ਗਲੀਆਂ ਭਰਨ ਤੋਂ ਬਾਅਦ ਘਰਾਂ ਵਿੱਚ ਦਾਖ਼ਲ ਹੋ ਗਿਆ, ਲੋਕਾਂ ਨੂੰ ਇਹ ਪਾਣੀ ਘਰਾਂ ’ਚੋਂ ਬਾਲਟੀਆਂ ਨਾਲ ਬਾਹਰ ਕੱਢਣਾ ਪਿਆ। ਸੀਵਰੇਜ ਬੋਰਡ ਦੇ ਅਧਿਕਾਰੀ ਤੇ ਕਰਮਚਾਰੀ ਨਿਕਾਸੀ ਪ੍ਰਬੰਧਾਂ ਦੇ ਜਾਮ ਹੋਣ ਤੋਂ ਬਾਅਦ ਵੀ ਕਿਧਰੇ ਹਰਕਤ ਵਿੱਚ ਨਜ਼ਰ ਨਹੀਂ ਆਏ। ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਮੀਂਹ ਤੋਂ ਬਾਅਦ ਬੜੀ ਮੁਸ਼ਕਲ ਨਾਲ ਦਫ਼ਤਰ ’ਚੋਂ ਘਰਾਂ ਨੂੰ ਜਾਣਾ ਪਿਆ। ਸਰਕਾਰੀ ਦਫ਼ਤਰਾਂ ਦੇ ਬਾਬੂਆਂ ਨੂੰ ਛੁੱਟੀ ਤੋਂ ਬਾਅਦ ਘਰਾਂ ਨੂੰ ਪਰਤਣ ਵਿੱਚ ਵੱਡੀ ਤਕਲੀਫ਼ ਆਈ।

ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਨੇ ਕਿਹਾ ਕਿ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਲਗਾਤਾਰ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੇ ਸ਼ਹਿਰ ਵਿੱਚੋਂ ਪਾਣੀ ਕੱਢ ਦਿੱਤਾ ਜਾਵੇਗਾ।

ਝੋਨੇ ਦੀ ਲੁਆਈ ਨੇ ਜ਼ੋਰ ਫੜਿਆ

ਮਾਨਸਾ: ਮਾਲਵਾ ਪੱਟੀ ਵਿੱਚ ਮੀਂਹ ਨੇ ਲਹਿਰਾ-ਬਹਿਰਾ ਲਾ ਦਿੱਤੀਆਂ ਹਨ। ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਨੇ ਇਸ ਮੀਂਹ ਨੂੰ ਫ਼ਸਲਾਂ ਲਈ ਸਭ ਤੋਂ ‘ਸਰਵੋਤਮ ਟਾਨਿਕ’ ਕਰਾਰ ਦਿੱਤਾ ਹੈ। ਇਸ ਮੀਂਹ ਨਾਲ ਮਾਲਵਾ ਖੇਤਰ ਵਿੱਚ ਝੋਨੇ ਦੀ ਲੁਆਈ ਨੇ ਅੱਜ ਹੀ ਜ਼ੋਰ ਫੜ ਲਿਆ ਹੈ। ਕਿਸਾਨ ਕਈ ਦਿਨਾਂ ਤੋਂ ਝੋਨਾ ਲਾਉਣ ਲਈ ਮੀਂਹ ਦੀ ਉਡੀਕ ਕਰ ਰਹੇ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐੱਸ. ਰੋਮਾਣਾ ਨੇ ੍ਮੀਂਹ ਨੂੰ ਸਾਉਣੀ ਦੀਆਂ ਫ਼ਸਲਾਂ ਲਈ ਸ਼ੁਭ-ਸ਼ੁਰੂਆਤ ਆਖਦਿਆਂ ਕਿਹਾ ਕਿ ਹੁਣ ਪੈਲੀ ਮੱਚਣ ਤੋਂ ਰੁਕ ਜਾਵੇਗੀ ਅਤੇ ਕੱਲ੍ਹ ਤੱਕ ਹੀ ਉਹ ਵਧਣ ਵਾਲੇ ਪਾਸੇ ਚਾਲੇ ਪਾ ਲਵੇਗੀ। - ਪੱਤਰ ਪ੍ਰੇਰਕ

ਨਰਮੇ ਤੇ ਕਪਾਹ ਦੀ ਫ਼ਸਲ ਨੂੰ ਫ਼ਾਇਦਾ

ਸਿਰਸਾ (ਪ੍ਰਭੂ ਦਿਆਲ): ਦੇਰ ਰਾਤ ਇਲਾਕੇ ਵਿੱਚ ਪਏ ਮੀਂਹ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਸਾਉਣੀ ਦੀ ਨਰਮੇ ਤੇ ਕਪਾਹ ਦੀ ਫ਼ਸਲ ਨੂੰ ਵੀ ਕਾਫੀ ਫਾਇਦਾ ਹੋਇਆ ਹੈ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਮੀਂਹ ਪੈਣ ਨਾਲ ਗਰਮੀ ਕਾਰਨ ਝੁਲਸ ਰਹੇ ਨਰਮੇ ਤੇ ਕਪਾਹ ਦੀ ਫ਼ਸਲ ਨੂੰ ਫਾਇਦਾ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਝੋਨੇ ਵਾਲੇ ਏਰੀਏ ’ਚ ਜਿਹੜੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਉਨ੍ਹਾਂ ਨੂੰ ਵੀ ਇਸ ਮੀਂਹ ਦਾ ਫਾਇਦਾ ਹੋਇਆ ਹੈ। ਮੀਂਹ ਪੈਣ ਨਾਲ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਇਆ ਹੈ ਉਥੇ ਹੀ ਸ਼ਹਿਰੀ ਖੇਤਰ ’ਚੋਂ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਈ ਸੜਕਾਂ ’ਤੇ ਪਾਣੀ ਭਰ ਗਿਆ। ਮੀਂਹ ਪੈਣ ਮਗਰੋਂ ਬਿਜਲੀ ਦੀ ਮੰਗ ਵਿੱਚ ਵੀ ਕਮੀ ਆਈ ਹੈ।

Advertisement
×