ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 20 ਫਰਵਰੀ
ਸੱਤਾਧਾਰੀ ਪਾਰਟੀ ‘ਆਪ’ ਨੂੰ ਹਲਕਾ ਤਲਵੰਡੀ ਸਾਬੋ ’ਚ ਉਸ ਸਮੇਂ ਬਲ ਮਿਲਿਆ ਜਦੋਂ ਪਿੰਡ ਲੇਲੇਵਾਲਾ ਦੀ ਸਰਪੰਚ ਸਮੇਤ ਸਾਰੇ ਪੰਚ ਤੇ ਹੋਰ ਪਾਰਟੀਆਂ ਨੂੰ ਛੱਡ ਕੇ ਲੋਕ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਇਸ ਸਬੰਧੀ ਲੇੇਲੇਵਾਲਾ ਦੀ ਮੌਜੂਦਾ ਸਰਪੰਚ ਕਰਮਜੀਤ ਕੌਰ ਪਤਨੀ ਗੁਰਬਿੰਦਰ ਸਿੰਘ ਦੇ ਘਰ ਇੱਕ ਸਾਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਵਿੱਚ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰਾਪਤ ਪ੍ਰੋਫੈਸਰ ਬਲਜਿੰਦਰ ਕੌਰ ਵਿਸ਼ੇਸ਼ ਤੌਰ ’ਤੇ ਪੁੱਜੇ। ਸਮਾਗਮ ਦੌਰਾਨ ਸਰਪੰਚ ਬੀਬੀ ਕਰਮਜੀਤ ਕੌਰ, ਬਲਵੰਤ ਸਿੰਘ ਫੌਜੀ, ਗੁਰਪ੍ਰੀਤ ਕੌਰ, ਗੁਰਜੰਟ ਸਿੰਘ, ਹਰਮਨਦੀਪ ਕੌਰ, ਕੁਲਦੀਪ ਸਿੰਘ ਕਾਲਾ, ਗੁਰਮੇਲ ਸਿੰਘ, ਬੁੱਧ ਰਾਮ ਪੰਚਾਂ ਨੇ ਆਪਣੀਆਂ ਵੱਖ-ਵੱਖ ਪਾਰਟੀਆਂ ਛੱਡ ਕੇ ਸੱਤਾਧਾਰੀ ਪਾਰਟੀ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਵਿਧਾਇਕਾ ਨੇ ਸਮੂਹ ਪੰਚਾਇਤ ਨੂੰ ਸਿਰੋਪੇ ਦੇ ਕੇ ਪਾਰਟੀ ਵਿੱਚ ਸ਼ਾਮਲ ਕਰਦਿਆਂ ਜੀ ਆਇਆਂ ਆਖਿਆ ਜਦਕਿ ਪੰਚਾਇਤ ਵੱਲੋਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਬਲਜਿੰਦਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ ਪਹਿਲੀਆਂ ਸਰਕਾਰਾਂ ਵਾਂਗ ਵਿਤਕਰੇਬਾਜ਼ੀ ਜਾਂ ਪੱਖਪਾਤੀ ਢੰਗ ਨਾਲ ਨਹੀਂ ਸਗੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਨਿਰਪੱਖਤਾ ਨਾਲ ਕੀਤੇ ਜਾ ਰਹੇ ਹਨ। ਪ੍ਰੋਫੈਸਰ ਬਲਜਿੰਦਰ ਕੌਰ ਨੇ ਇਸ ਮੌਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬਲਦੇਵ ਸਿੰਘ, ਦਾਰਾ ਸਿੰਘ, ਗੁਰਪ੍ਰੀਤ ਸਿੰਘ, ਨਿੱਜੀ ਸਹਾਇਕ ਕੇਵਲ ਸਿੰਘ ਤੇ ਪਰਗਟ ਸਿੰਘ, ਗੁਰਬਿੰਦਰ ਸਿੰਘ, ਅਵਤਾਰ ਸਿੰਘ ਫੌਜੀ ਆਦਿ ਵਰਕਰਾਂ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।