ਕੋਟਕਪੂਰਾ ’ਚ ਲੁੱਟਾਂ-ਖੋਹਾਂ ਕਰਨ ਵਾਲਾ ਗਰੋਹ ਗ੍ਰਿਫ਼ਤਾਰ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 24 ਜੂਨ
ਪੁਲੀਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਮੈਂਬਰੀ ਗਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਰੋਹ ਦੇ ਦੋ ਮੈਂਬਰ ਨਾਬਾਲਗ ਹਨ। ਪੁਲੀਸ ਅਨੁਸਾਰ ਗਰੋਹ ਦੇ ਸਰਗਨੇ ’ਤੇ ਅਸਲਾ ਐਕਟ ਅਤੇ ਡਿਕੈਤੀ ਦੀ ਕੋਸ਼ਿਸ਼ ਸਬੰਧੀ 3 ਕੇਸ ਦਰਜ ਹਨ।
ਐੱਸਪੀ ਸੰਦੀਪ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਭੀਮਾ ਅਤੇ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਕੋਟਕਪੂਰਾ ਤੇ ਦੋ ਨਾਬਾਲਗ ਸਾਥੀਆਂ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਤੋਂ ਲੁੱਟੇ ਮੋਬਾਈਲ ਫੋਨ, ਮੋਟਰਸਾਈਕਲ ਅਤੇ ਖੋਹ ਕਰਨ ਲਈ ਵਰਤੇ ਜਾਂਦੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਵਿੱਚ ਸੂਚਨਾ ਮਿਲੀ ਸੀ ਕਿ ਇਸ ਗਰੋਹ ਵੱਲੋਂ ਇੱਕ ਵਿਅਕਤੀ ਪਾਸੋ ਮੋਬਾਈਲ ਖੋਹਿਆ ਗਿਆ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲੀਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਵੱਲੋਂ ਜਿਸ ਮੋਟਰਸਾਈਕਲ ਦੀ ਵਰਤੋਂ ਮੋਬਾਈਲ ਖੋਹ ਦੌਰਾਨ ਕੀਤੀ ਗਈ, ਉਹ ਵੀ ਖੋਹਿਆ ਹੋਇਆ ਹੈ। ਪੁੱਛ-ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹ ਚਾਰੇ ਮੁਲਜ਼ਮਾਂ ਨੇ ਇੱਕ ਗਰੋਹ ਬਣਾਇਆ ਹੋਇਆ ਹੈ ਜੋ ਰਾਹਗੀਰਾਂ, ਦੁਕਾਨਦਾਰਾਂ ਜਾਂ ਪੈਟਰੋਲ ਪੰਪ ’ਤੇ ਕੰਮ ਕਰਨ ਵਾਲਿਆਂ ਨੂੰ ਰਾਸਤੇ ਵਿੱਚ ਘੇਰ ਕੇ ਲੁੱਟਦਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਕਈ ਵਾਰਦਾਤਾਂ ਕੀਤੇ ਹੋਣ ਦੀ ਸੰਭਾਵਨਾਂ ਹੈ, ਜਿਸ ਕਾਰਨ ਰਿਮਾਂਡ ਲੈ ਕੇ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇਗੀ। ਐੱਸਪੀ ਸੰਦੀਪ ਕੁਮਾਰ ਨੇ ਦੱਸਿਆ ਕਿ ਪੁਲੀਸ ਹੁਣ ਇਨ੍ਹਾਂ ਤੋਂ ਇਹ ਵੀ ਪਤਾ ਕਰੇਗੀ ਕਿ ਇਹ ਲੁੱਟ ਦਾ ਸਮਾਨ ਅੱਗੇ ਕਿਸ ਨੂੰ ਵੇਚਦੇ ਸਨ ਅਤੇ ਹੁਣ ਤੱਕ ਕਿਥੇ ਕਿਥੇ ਇਨ੍ਹਾਂ ਨੇ ਵਰਦਾਤਾਂ ਨੂੰ ਅੰਜਾਮ ਦਿੱਤਾ ਹੈ।