ਹਿਸਾਰ ਘੱਗਰ ਮਲਟੀਪਰਪਜ਼ ਡਰੇਨ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਚੌਪਟਾ ਖੇਤਰ ਦੇ ਦੋ ਦਰਜਨ ਪਿੰਡਾਂ ਤੇ ਖਤਰਾਂ ਮੰਡਰਾ ਰਿਹਾ ਹੈ ਜਿਸ ਕਾਰਨ ਲੋਕਾਂ ਵਿੱਚ ਭੈਅ ਦਾ ਮਾਹੌਲ ਬਣਿਆ ਹੋਇਆ ਹੈ। ਨਾਥੂਸਰੀ ਚੌਪਟਾ ਇਲਾਕੇ ਵਿੱਚੋਂ ਲੰਘਦੇ ਇਸ ਸੇਮ ਨਾਲੇ ਵਿੱਚ ਪਿੰਡ ਦੜਬਾ ਕਲਾਂ ਅਤੇ ਚੌਪਟਾ ਦੇ ਵਿਚਕਾਰ ਅੱਜ ਇੱਕ ਲੀਕੇਜ ਵੀ ਹੋ ਗਈ ਸੀ ਪਰ ਲੋਕਾਂ ਨੇ ਆਪਸੀ ਸਹਿਯੋਗ ਨਾਲ ਇਸ ਨੂੰ ਠੀਕ ਕਰ ਲਿਆ ਪਰ ਅਜੇ ਵੀ ਸੇਮ ਨਾਲੇ ਦੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਕਿਸਾਨ ਸਰਵਣ ਕੁਮਾਰ ਜਾਖੜ, ਮਹਿੰਦਰ ਸਿੰਘ, ਜਗਦੀਸ਼, ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸੇਮ ਨਾਲੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਾਰਨ ਇਸ ਦੇ ਟੁੱਟਣ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਹਿਸਾਰ ਤੋਂ ਪਾਣੀ ਦਾ ਵਹਾਅ ਵੀ ਵੱਧ ਰਿਹਾ ਹੈ ਜੇਕਰ ਇਸਦੀ ਸਮੇਂ ਸਿਰ ਸਫ਼ਾਈ ਕੀਤੀ ਜਾਂਦੀ ਤਾਂ ਇਸ ਦੇ ਟੁੱਟਣ ਦਾ ਖ਼ਤਰਾ ਨਾ ਬਣਦਾ। ਸੇਮ ਨਾਲੇ ਵਿੱਚ ਕਈ ਥਾਵਾਂ 'ਤੇ ਇਕੱਠਾ ਹੋਇਆ ਕੂੜਾ ਕਰਕਟ ਪਾਣੀ ਵਿੱਚ ਰੁਕਾਵਟ ਬਣ ਰਿਹਾ ਹੈ। ਪਿੰਡ ਵਾਸੀ ਪਾਣੀ ਦੇ ਵਹਾਅ ਨੂੰ ਜਾਰੀ ਰੱਖਣ ਲਈ ਆਪਣੇ ਪੱਧਰ 'ਤੇ ਕੂੜਾ ਹਟਾਉਣ ਵਿੱਚ ਲੱਗੇ ਹੋਏ ਹਨ। ਕਿਸਾਨਾਂ ਨੇ ਕਿਹਾ ਕਿ ਮਾਨਸੂਨ ਆਉਣ ਤੋਂ ਪਹਿਲਾਂ ਇਸ ਸੇਮ ਨਾਲੇ ਦੀ ਸਫਾਈ ਦਾ ਕੰਮ ਨਹੀਂ ਕੀਤਾ ਗਿਆ। ਹੁਣ ਬਰਸਾਤ ਦੇ ਮੌਸਮ ਵਿੱਚ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਇਹ ਡਰੇਨ ਕਦੇ ਵੀ ਟੁੱਟ ਸਕਦੀ ਹੈ। ਸੇਮ ਨਾਲੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਦਡਬਾ ਕਲਾਂ, ਰੁਪਾਣਾ ਖੁਰਦ, ਮਾਣਕ ਦੀਵਾਨ, ਨਾਥੂਸਰੀ ਕਲਾਂ, ਸ਼ਾਹਪੁਰੀਆ, ਸ਼ੰਕਰ ਮੰਦੋਰੀ, ਨਹਿਰਾਣਾ, ਤਰਕਾਵਾਲੀ, ਮਾਖੋਸਰਾਨੀ, ਲੁਦੇਸਰ, ਰੁਪਾਣਾ, ਢੂਕਡਾ, ਬੱਕਰੀਆਂਵਾਲੀ, ਗੁੜੀਆਖੇੜਾ, ਰੂਪਾਵਾਸ, ਰਾਏਪੁਰ, ਨਿਰਬਾਣ ਸਮੇਤ ਕਰੀਬ ਦੋ ਦਰਜਨ ਪਿੰਡਾਂ ਤੇ ਖਤਰਾ ਮੰਡਰਾ ਰਿਹਾ ਹੈ ਜਿਸ ਕਾਰਨ ਲੋਕ ਚਿੰਤਾ ਵਿੱਚ ਹਨ। ਕਿਸਾਨਾਂ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਵੀ ਇਹ ਸੇਮ ਨਾਲਾ ਟੁੱਟ ਗਿਆ ਸੀ ਜਿਸ ਕਾਰਨ ਇੱਥੇ ਹਜ਼ਾਰਾਂ ਏਕੜ ਫ਼ਸਲ ਖਰਾਬ ਹੋ ਗਈ ਸੀ ਅਤੇ ਲੋਕਾਂ ਦਾ ਭਾਰੀ ਆਰਿਥਕ ਨੁਕਸਾਨ ਵੀ ਹੋਇਆ ਸੀ। ਲੋਕਾਂ ਨੇ ਮੰਗ ਕੀਤੀ ਕਿ ਇਸ ਡਰੇਨ ਨੂੰ ਟੁੱਟਣ ਤੋਂ ਬਚਾਉਣ ਲਈ ਇੱਥੇ ਸਰਕਾਰੀ ਤੌਰ ’ਤੇ ਢੁਕਵੇਂ ਪ੍ਰਬੰਧ ਕੀਤੇ ਜਾਣ।
+
Advertisement
Advertisement
Advertisement
Advertisement
×