ਪਰਮਜੀਤ ਸਿੰਘ
ਫ਼ਾਜ਼ਿਲਕਾ, 11 ਸਤੰਬਰ
ਇੱਥੇ ਹੋ ਰਹੀਆਂ ਚੋਰੀਆਂ ਦੇ ਮਾਮਲੇ ਵਿੱਚ ਚੋਰਾਂ ਖ਼ਿਲਾਫ਼ ਕਾਰਵਾਈ ਨਾ ਹੋਣ ਤੋਂ ਅੱਕੇ ਲੋਕਾਂ ਨੇ ਅੱਜ ਸਵੇਰ ਵੇਲੇ ਫ਼ਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਜਾਮ ਲਾ ਦਿੱਤਾ। ਇਸ ਦੌਰਾਨ ਲੋਕਾਂ ਨੇ ਚੋਰਾਂ ਖ਼ਿਲਾਫ਼ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ।
ਪਿੰਡ ਲਾਲੋਵਾਲੀ ਜੈ ਚੰਦ ਅਤੇ ਹੋਰਨਾਂ ਨੇ ਕਿਹਾ ਕਿ ਪਿਛਲੇ ਨੌਂ ਦਿਨਾਂ ਤੋਂ ਪਿੰਡ ਵਿੱਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਚੋਰਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਪਿੰਡ ਵਿੱਚ ਬਣੀਆਂ ਦੁਕਾਨਾਂ, ਘਰਾਂ ਅਤੇ ਖੇਤਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਤੱਕ ਚੋਰੀ ਕਰ ਲਈਆਂ ਜਾਂਦੀਆਂ ਹਨ। ਘਰਾਂ ਵਿੱਚੋਂ ਮੋਟਰਸਾਈਕਲ ਤੱਕ ਚੋਰੀ ਹੋ ਗਏ ਹਨ। ਪੁਲੀਸ ਨੂੰ ਕਈ ਵਾਰ ਕਾਰਵਾਈ ਲਈ ਕਿਹਾ ਪਰ ਕਿਸੇ ਵੀ ਚੋਰ ’ਤੇ ਕੋਈ ਕਾਰਵਾਈ ਨਹੀਂ ਹੋਈ। ਅੱਜ ਇੱਥੇ ਫਲਾਈਓਵਰ ’ਤੇ ਲਾਲੋਵਾਲੀ, ਫਰਵਾਂਵਾਲੀ ਆਦਿ ਪਿੰਡਾਂ ਦੇ ਲੋਕਾਂ ਨੇ ਜਾਮ ਲਗਾ ਦਿੱਤਾ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਉਨ੍ਹਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ।
ਉਧਰ, ਥਾਣਾ ਸਦਰ ਦੇ ਨਜ਼ਦੀਕ ਲੱਗੇ ਧਰਨੇ ਦੌਰਾਨ ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਧਰਨਾ ਦੇ ਰਹੇ ਪਿੰਡਾਂ ਦੇ ਲੋਕਾਂ ਨੂੰ ਸ਼ਾਂਤ ਕੀਤਾ। ਪੁਲੀਸ ਅਧਿਕਾਰੀਆਂ ਵੱਲੋਂ ਚੋਰਾਂ ਖ਼ਿਲਾਫ਼ ਕਾਰਵਾਈ ਦਾ ਵਾਅਦਾ ਕਰ ਕੇ ਧਰਨਾ ਚੁਕਵਾ ਦਿੱਤਾ ਗਿਆ।