ਪਰਵਾਸੀ ਪੰਜਾਬੀ ਨਾਵਲਕਾਰ ਸੇਖਾ ਦੀ ਪੁਸਤਕ ‘ਚੇਤੇ ਵਿੱਚ ਉਕਰੇ ਚਿਹਰੇ’ ਰਿਲੀਜ਼
ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਜੂਨ
ਪਰਵਾਸੀ ਪੰਜਾਬੀ ਬਹੁ-ਚਰਚਿਤ ਨਾਵਲਕਾਰ ਜਰਨੈਲ ਸਿੰਘ ਸੇਖਾ ਵੱਲੋਂ ਲਿਖੀ ਰੇਖਾ ਚਿੱਤਰਾਂ ਦੀ ਪੁਸਤਕ ‘ਚੇਤੇ ਵਿੱਚ ਉਕਰੇ ਚਿਹਰੇ’ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਰਵਾਏ ਸਾਹਿਤਕ ਸਮਾਗਮ ਦੌਰਾਨ ਨਾਮਵਰ ਸਾਹਿਤਕਾਰਾਂ ਵੱਲੋਂ ਲੋਕ ਅਰਪਣ ਕੀਤੀ ਗਈ। ਪੁਸਤਕਾਂ ‘ਉਦਾਸੇ ਬੋਲ’, ‘ਦੁਨੀਆਂ ਕੈਸੀ ਹੋਈ’, ‘ਆਪਣਾ ਆਪਣਾ ਸੁਰਗ’, ‘ਭਗੌੜਾ’, ‘ਦੁੱਲੇ ਦੀ ਢਾਬ ਤੱਕ’, ‘ਬੇਗਾਨੇ’, ‘ਵਿਗੋਚਾ’, ‘ਚੇਤਿਆਂ ਦੀ ਚਿਲਮਨ’, ‘ਨਾਬਰ’, ‘ਵੈਨਕੂਵਰ ਸੇ ਲਾਇਲਪੁਰ (ਉਰਦੂ)’, ‘ਕੰਡਿਆਰੇ ਪੰਧ’ ਦੇ ਰਚੇਤਾ ਜਰਨੈਲ ਸਿੰਘ ਸੇਖਾ ਦੀ ਨਵੀਂ ਪੁਸਤਕ ਲੋਕ ਅਰਪਣ ਕਰਨ ਮੌਕੇ ਡਾ. ਸੁਰਜੀਤ ਬਰਾੜ ਨੇ ਦੱਸਿਆ ਕਿ ਪੁਸਤਕ ਵਿੱਚ 16 ਸ਼ਖ਼ਸੀਅਤਾਂ ਦੇ ਸ਼ਬਦ ਚਿੱਤਰ ਹਨ ਜੋ ਪਾਠਕਾਂ ਨੂੰ ਜਸਵੰਤ ਸਿੰਘ ਕੰਵਲ, ਮਹਾਨ ਚਿੱਤਰਕਾਰ ਸੋਭਾ ਸਿੰਘ, ਪੰਜਾਬ ਦੇ ਸਭਿਆਚਾਰ ਨੂੰ ਚਿਤਰਨ ਵਾਲੇ ਸੰਸਾਰ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ, ਇਨਕਲਾਬੀ ਸਾਇਰ ਮਹਿੰਦਰ ਸਾਥੀ, ਪ੍ਰਸਿੱਧ ਪੱਤਰਕਾਰ ਹਰਬੀਰ ਸਿੰਘ ਭੰਵਰ ਅਤੇ ਹਰਜੀਤ ਦੌਧਰੀਆ ਬਾਰੇ ਜਾਣਕਾਰੀ ਦਿੰਦੇ ਹਨ।
ਡਾ. ਕੁਲਦੀਪ ਸਿੰਘ ਦੀਪ ਨੇ ਲੇਖਕ ਦੇ ਨਿਵੇਕਲੇ ਯਤਨਾਂ ਦੀ ਸ਼ਲਾਘਾ ਕੀਤੀ। ਸਰਬਜੀਤ ਕੌਰ ਜੱਸ ਨੇ ਜਰਨੈਲ ਸਿੰਘ ਸੇਖਾ ਨੂੰ ਬਹੁਪੱਖੀ ਲੇਖਕ ਕਿਹਾ। ਡਾ. ਅਜੀਤਪਾਲ ਸਿੰਘ ਨੇ ਪੁਸਤਕ ਦੀ ਰੌਚਕ ਵਾਰਤਕ ਸ਼ੈਲੀ ਦੀ ਭਰਪੂਰ ਸ਼ਲਾਘਾ ਕੀਤੀ। ਗੁਰਮੀਤ ਕੜਿਆਲਵੀ ਨੇ ਕਿਹਾ ਜਰਨੈਲ ਸਿੰਘ ਸੇਖਾ ਦੀ ਇਹ ਪੁਸਤਕ ਉਨ੍ਹਾਂ ਪਾਠਕਾਂ ਲਈ ਨਾਯਾਬ ਤੋਹਫ਼ਾ ਹੈ ਜੋ ਲੇਖਕਾਂ ਦੇ ਜੀਵਨ ਬਾਰੇ ਜਾਨਣ ਦੇ ਉਤਸੁਕ ਹੁੰਦੇ ਹਨ। ਨਵਨੀਤ ਸਿੰਘ ਸੇਖਾ ਨੇ ਆਪਣੇ ਪਿਤਾ ਅਤੇ ਪੁਸਤਕ ਦੇ ਸਿਰਜਕ ਜਰਨੈਲ ਸਿੰਘ ਸੇਖਾ ਦੀ ਇਸ ਪੁਸਤਕ ਦੀ ਸਿਰਜਣ ਪ੍ਰਕਿਰਿਆ ਨਾਲ ਸਰੋਤਿਆਂ ਦੀ ਸਾਂਝ ਪੁਆਈ।
ਮੰਚ ਦੇ ਵਿੱਤ ਸਕੱਤਰ ਪ੍ਰਦੀਪ ਰਖਰਾ, ਨਾਮਵਰ ਕਹਾਣੀਕਾਰ ਜਸਵਿੰਦਰ ਧਰਮਕੋਟ, ਕਹਾਣੀਕਾਰ ਜਸਵੀਰ ਕਲਸੀ, ਨੌਜਵਾਨ ਸ਼ਾਇਰ ਸੁਖਦੀਪ ਔਜਲਾ, ਅਵਤਾਰ ਸਿੰਘ ਮੋਗਾ, ਰਿਟਾਇਰਡ ਡੀਪੀਆਰਓ ਗਿਆਨ ਸਿੰਘ, ਕਵਿੱਤਰੀ ਸਰਬਜੀਤ ਕੌਰ ਜੱਸ, ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ, ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ, ਪ੍ਰੋ. ਗੁਰਪ੍ਰੀਤ ਸਿੰਘ ਘਾਲੀ, ਸ਼ਾਇਰਾ ਸਿਮਰਜੀਤ ਸਿੰਮੀ, ਸੋਨੀ ਮੋਗਾ, ਸਰਬਜੀਤ ਕੌਰ ਮਾਹਲਾ ਸਕੱਤਰ, ਸਾਗਰ ਸਫਰੀ, ਹਰਵਿੰਦਰ ਰੋਡੇ, ਮੰਚ ਦੇ ਮੀਤ ਪ੍ਰਧਾਨ ਧਾਮੀ ਗਿੱਲ, ਸੁੱਖੀ ਜੌਹਲ, ਅਵਤਾਰ ਮੰਗਾ, ਫੋਟੋਗ੍ਰਾਫਰ ਪ੍ਰਤਾਪ ਹੀਰਾ, ਕੈਲੀਓਗ੍ਰਾਫਰ ਰਣਜੀਤ ਸਿੰਘ ਤੇ ਸੁਖਮੰਦਰ ਕੌਰ ਮੋਗਾ ਆਦਿ ਸ਼ਾਮਲ ਸਨ।