ਮੰਤਰੀ ਦੇ ਦਖ਼ਲ ਮਗਰੋਂ ਚੱਲੀ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਦੀ ਗੱਡੀ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 12 ਜੂਨ
ਲੰਬੀ ਦੇਰੀ ਬਾਅਦ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਫਰੀਦਕੋਟ ਨੇ ਹਜ਼ਾਰਾਂ ਲੋਕਾਂ ਦੇ ਪੈਂਡਿੰਗ ਪਏ ਕੰਮਾਂ ਨੂੰ ਸਮਾਂ ਬੱਧ ਕਰਕੇ ਨਿਬੇੜਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਫਰੀਦਕੋਟ ਦੇ ਆਰ.ਟੀ.ਏ ਦਫਤਰ ਵਿਚ ਪਿਛਲੇ ਇਕ ਸਾਲ ਤੋਂ 8 ਹਜ਼ਾਰ ਤੋਂ ਵੱਧ ਫਾਈਲਾਂ ਪੈਂਡਿੰਗ ਪਈਆਂ ਹਨ ਜਿਨ੍ਹਾਂ ਉੱਪਰ ਕੋਈ ਕੰਮ ਨਹੀਂ ਕੀਤਾ ਗਿਆ। ਸੂਚਨਾ ਅਨੁਸਾਰ ਫਰੀਦਕੋਟ ਦੇ ਹੁਣ ਤੱਕ ਚਾਰ ਜ਼ਿਲ੍ਹਾ ਟਰਾਂਸਪੋਰਟ ਅਫਸਰਾਂ ’ਤੇ ਭ੍ਰਿਸ਼ਟਾਚਾਰ ਅਤੇ ਜਾਅਲਸਾਜ਼ੀ ਦੇ ਦੇਸ਼ ਹੋਠ ਪਰਚੇ ਦਰਜ ਹੋ ਚੁੱਕੇ ਹਨ ਅਤੇ ਬਹੁਤ ਸਾਰਾ ਰਿਕਾਰਡ ਵਿਜੀਲੈਂਸ ਵਿਭਾਗ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਰ.ਟੀ.ਏ ਦਫਤਰ ਦਾ ਸਾਰਾ ਕੰਮ ਆਨਲਾਈਨ ਕਰ ਦਿੱਤਾ ਸੀ ਪ੍ਰੰਤੂ ਪਤਾ ਲੱਗਾ ਹੈ ਕਿ ਲਾਇਸੈਂਸ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਕਰਨ ਵਾਲੀ ਨਿੱਜੀ ਫਰਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਹੀਂ ਦੇ ਰਹੀ ਸੀ ਜਿਸ ਕਰਕੇ ਟਰਾਂਸਪੋਰਟ ਦਫਤਰ ਦਾ ਸਾਰਾ ਕੰਮ ਬੰਦ ਪਿਆ ਸੀ। ਇਸ ਤੋਂ ਇਲਾਵਾ ਜਿਹੜੇ ਲੋਕਾਂ ਦੇ ਵਹੀਕਲਾਂ ਦੀਆਂ ਰਜਿਸਟਰੇਸ਼ਨ ਕਾਪੀਆਂ (ਆਰਸੀ) ਅਤੇ ਡਰਾਈਵਿੰਗ ਮੈਨੂਅਲ (ਆਫ਼ ਲਾਈਨ) ਬਣੇ ਹੋਏ ਸਨ ਅਤੇ ਉਨ੍ਹਾਂ ਨੂੰ ਰਿਨਿਊ ਕਰਵਾਉਣ ਜਾਂ ਸਮਾਰਟ ਕਾਰਡ ਵਿੱਚ ਤਬਦੀਲ ਕਰਵਾਉਣ ਲਈ ਆਰ.ਟੀ.ਏ ਦਫ਼ਤਰ ਵਿੱਚੋਂ ਬੈਕਲਾਗ ਲਈ ਅਰਜੀ ਦਿੱਤੀ ਜਾਂਦੀ ਹੈ ਪਰੰਤੂ ਇਹ ਬੈਕਲਾਗ ਦਾ ਕੰਮ ਬੰਦ ਪਿਆ ਹੋਣ ਕਾਰਨ ਸੈਂਕੜੇ ਲਾਭਪਾਤਰੀਆਂ ਦੇ ਰਿਕਾਰਡ ਬੈਕਲਾਗ ਰਾਹੀਂ ਆਨਲਾਈਨ ਨਹੀਂ ਹੋ ਰਿਹਾ ਸੀ ਜਿਸ ਕਾਰਨ ਉਮੀਦਵਾਰ ਆਪਣੀਆਂ ਆਰ.ਸੀ ਅਤੇ ਡਰਾਈਵਿੰਗ ਲਾਇਸੈਂਸ ਰਿਨਿਊ ਕਰਵਾਉਣ ਤੋਂ ਵਾਂਝੇ ਰਹਿ ਗਏ ਸਨ। ਇਹ ਪ੍ਰਕਿਰਿਆ ਵੀ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਦੱਸਿਆ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਦਖ਼ਲ ਤੋਂ ਬਾਅਦ ਅੱਜ ਟਰਾਂਸਪੋਰਟ ਦਫਤਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਅਗਲੇ ਦੋ ਹਫ਼ਤਿਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਟਕੀਆਂ ਹੋਈਆਂ ਸਾਰੀਆਂ ਫਾਈਲਾਂ ਕਲੀਅਰ ਕਰ ਦਿੱਤੀਆਂ ਜਾਣਗੀਆਂ। ਟਰਾਂਸਪੋਰਟ ਦਫਤਰ ਨੇ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਸੁਨੇਹਾ ਭੇਜਿਆ ਹੈ ਜਿਨ੍ਹਾਂ ਦੀਆਂ ਪਿਛਲੇ ਇੱਕ ਸਾਲ ਤੋਂ ਫਾਈਲਾਂ ਪੈਂਡਿੰਗ ਪਈਆਂ ਹਨ। ਟਰਾਂਸਪੋਰਟ ਦਫਤਰ ਨੇ ਜੂਨ ਮਹੀਨੇ ਵਿੱਚ ਸਾਰਾ ਕੰਮ ਨਿਬੇੜਨ ਦਾ ਐਲਾਨ ਕੀਤਾ ਹੈ। ਟਰਾਂਸਪੋਰਟ ਦਫਤਰ ਦਾ ਕੰਮ ਰੁਕਣ ਨਾਲ ਜਿੱਥੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲੱਗਾ ਹੈ।