ਅਦਾਲਤ ਵੱਲੋਂ ਅਰਨੀਵਾਲਾ ਵਜੀਰਾ ਦੇ ਸਰਪੰਚ ਦੀ ਚੋਣ ਦੇ ਮੁੜ ਐਲਾਨੇ ਨਤੀਜੇ ’ਤੇ ਰੋਕ
ਇਕਬਾਲ ਸਿੰਘ ਸ਼ਾਂਤ
ਲੰਬੀ, 8 ਜੁਲਾਈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿੰਡ ਅਰਨੀਵਾਲਾ ਵਜੀਰਾ ਦੇ ਸਰਪੰਚ ਲਈ ਮੁੜ ਗਿਣਤੀ ’ਚ ਐਲਾਨੇ ਸਰਪੰਚ ਚੋਣ ਨਤੀਜੇ ਨੂੰ ‘ਇਤਰਾਜ਼ ਹੁਕਮ’ ਦੱਸਿਆ ਹੈ। ਉੱਚ ਅਦਾਲਤ ਨੇ ਸਰਕਾਰੀ ਪੱਖ ਨੂੰ 4 ਨਵੰਬਰ 2025 ਦਾ ‘ਨੋਟਿਸ ਆਫ਼ ਮੋਸ਼ਨ’ ਜਾਰੀ ਕਰਕੇ ਉਦੋਂ ਤੱਕ ਆਗਾਮੀ ਕਾਰਵਾਈ ’ਤੇ ਰੋਕ ਲਗਾਈ ਹੈ। ਹਾਈ ਕੋਰਟ ਦੀ ਸਿੰਗਲ ਬੈਂਚ ਅਦਾਲਤ ਵੱਲੋਂ ਇਹ ਨਿਰਦੇਸ਼ ਮੁੜ ਗਿਣਤੀ ਮੌਕੇ ਸਰਪੰਚੀ ਹਾਰੇ ਰਛਪਾਲ ਸਿੰਘ ਦੀ ਪਟੀਸ਼ਨ ’ਤੇ ਦਿੱਤੇ ਗਏ ਹਨ। ਲੰਬੀ ਵਿੱਚ ਬੀਤੀ 17 ਜੂਨ ਨੂੰ ਮੁੜ ਗਿਣਤੀ ਵਿੱਚ 8 ਵੋਟਾਂ ਦੇ ਫ਼ਰਕ ਨਾਲ ਜਿੱਤ-ਹਾਰ ਦੀ ਬਾਜ਼ੀ ਪਲਟ ਗਈ ਸੀ। ਮੁੜ ਗਿਣਤੀ ’ਚ 27 ਰੱਦ ਵੋਟਾਂ ’ਚੋਂ 10 ਵੋਟਾਂ ਚੋਣ ਟ੍ਰਿਬਿਊਨਲ ਮਲੋਟ ਕੋਲ ਪਟੀਸ਼ਨਰ ਮਨਜੀਤ ਸਿੰਘ ਦੇ ਹੱਕ ’ਚ ਭੁਗਤੀਆਂ ਮਿਲੀਆਂ ਜਿਸ ’ਤੇ ਪਹਿਲਾਂ ਹਾਰੇ ਹੋਏ ਸਰਪੰਚ ਉਮੀਦਵਾਰ ਮਨਜੀਤ ਸਿੰਘ ਨੂੰ ਨਵਾਂ ਸਰਪੰਚ ਐਲਾਨਿਆ ਗਿਆ ਸੀ। ਦੱਸ ਦੇਈਏ ਕਿ 15 ਅਕਤੂਬਰ 2024 ਨੂੰ ਪੰਚਾਇਤੀ ਚੋਣਾਂ ਮੌਕੇ ਰਛਪਾਲ ਸਿੰਘ ਮਹਿਜ਼ 2 ਵੋਟਾਂ ਨਾਲ ਸਰਪੰਚ ਜਿੱਤਿਆ ਸੀ, ਉਸ ਸਮੇਂ 27 ਵੋਟਾਂ ਰੱਦ ਹੋਈਆਂ ਸਨ। ਹਾਈ ਕੋਰਟ ਵਿੱਚ ਪਟੀਸ਼ਨਰ ਰਛਪਾਲ ਸਿੰਘ ਦੇ ਵਕੀਲ ਹਿੰਮਤ ਸਿੰਘ ਸਿੱਧੂ (ਸੋਥਾ) ਨੇ ਦੱਸਿਆ ਕਿ ਸੀਨੀਅਰ ਵਕੀਲ ਬਲਤੇਜ ਸਿੰਘ ਨੇ ਪੇਸ਼ੀ ਮੌਕੇ ਤੱਥਾਂ ਦੇ ਆਧਾਰ ’ਤੇ ਬਹਿਸ ਕੀਤੀ। ਉੁਨ੍ਹਾਂ ਦੱਸਿਆ ਕਿ ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਕਾਫ਼ੀ ਝਾੜ ਵੀ ਲਾਈ।